ਚੰਡੀਗੜ੍ਹ, 19 ਮਾਰਚ, 2021 : ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਨੇ ਕੁੜੀਆਂ ਵੱਲੋਂ ਸਮੇਂ ਦੇ ਨਾਲ ਅਪਣਾਏ ਗਏ ਫੈਸ਼ਨ ਅਨੁਸਾਰ ਪਾਟੀ ਜੀਂਨਸ ਪਾਏ ਹੋਣ ਨਾਲ ਘਰ ਵਿਚ ਬੱਚਿਆਂ ਲਈ ਮਾਹੌਲ ਠੀਕ ਨਾ ਹੋਣ ਦੀ ਕੀਤੀ ਗਈ ਟਿੱਪਣੀ ਨੇ ਉਹਨਾਂ ਲਈ ਪੰਗਾ ਹੀ ਛੇੜ ਦਿੱਤਾ ਹੈ।
ਆਪਣੇ ਇਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਮੁੱਖ ਮੰਤਰੀ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਟ੍ਰੋਲ ਹੋ ਰਹੇ ਹਨ। ਨਿੱਕਰਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਦਾ ਇੱਕ ਬਿਆਨ ਕੱਲ੍ਹ ਵਾਇਰਲ ਹੋਇਆ ਸੀ। ਉਹਨਾਂ ਦੀ ਇਸ ਟਿੱਪਣੀ ਮਗਰੋਂ ਬਾਲੀਵੁੱਡ ਦੀਆਂ ਪ੍ਰਸਿੱਧ ਫਿਲਮੀ ਅਦਾਕਾਰਾਂ ਤੋਂ ਲੈ ਕੇ ਸਿਆਸਤਦਾਨ ਪ੍ਰਿਅੰਕਾ ਗਾਂਧੀ ਵਾਡਰਾ ਤੱਕ ਅਨੇਕਾਂ ਲੜਕੀਆਂ, ਔਰਤਾਂ ਨੇ ਇਸ ਟਿੱਪਣੀ ਦੇ ਵਿਰੋਧ ਵਿਚ ਪਾਟੀ ਜੀਂਨਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਇਸਨੂੰ ਔਰਤ ਵਿਰੋਧੀ ਸੋਚ ਗਰਦਾਨਿਆ।
ਦਰਅਸਲ, ਤੀਰਥ ਸਿੰਘ ਰਾਵਤ ਨੇ ਬੁੱਧਵਾਰ ਨੂੰ ਔਰਤਾਂ ਦੇ ਪਹਿਰਾਵੇ ਬਾਰੇ ਕਿਹਾ ਸੀ ਕਿ ਅੱਜ-ਕੱਲ੍ਹ ਔਰਤਾਂ ਪਾਟੀਆਂ ਹੋਈਆਂ ਜੀਨਜ਼ ਪਹਿਨ ਕੇ ਚੱਲ ਰਹੀਆਂ ਹਨ, ਕੀ ਇਹ ਸਭ ਸਹੀ ਹੈ? ਇਹ ਕਿਹੋ ਜਿਹੇ ਸੰਸਕਾਰ ਹਨ? ਬੱਚਿਆਂ ਦੇ ਸੰਸਕਾਰ ਉਨ੍ਹਾਂ ਦੇ ਮਾਪਿਆਂ ਉੱਤੇ ਨਿਰਭਰ ਕਰਦੇ ਹਨ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਟਵੀਟ ਵਿਚ ਆਰ.ਐਸ.ਐਸ ਦੇ ਨਿੱਕਰਾਂ ਵਾਲੇ ਦੌਰ ਦੀਆਂ ਤਸਵੀਰਾਂ ਪਾ ਕੇ ਲਿਖਿਆ ਹੈ, ’ਓ ਰੱਬਾ, ਇਹਨਾਂ ਦੇ ਗੋਡੇ ਦਿਸ ਰਹੇ ਹਨ’। ਇਸੇ ਤਰੀਕੇ ਗੁਲ ਪਨਾਗ ਨੇ ਨਿੱਕੀ ਬੱਚੀ ਦੇ ਨਾਲ ਖੜ੍ਹ ਕੇ ਪਾਟੀ ਜੀਂਨਸ ਵਾਲੀ ਤਸਵੀਰ ਪਾ ਕੇ ਤੀਰਥ ਸਿੰਘ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਹੈ।
ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ. ਰਸ਼ਮੀ ਤਿਆਗੀ ਰਾਵਤ ਉਨ੍ਹਾਂ ਦੇ ਬਚਾਅ ’ਚ ਨਿੱਤਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਸਭਿਆਚਾਰਕ ਵਿਰਾਸਤ ਦੀ ਗੱਲ ਕੀਤੀ ਹੈ। ਜੇ ਅਸੀਂ ਭਾਰਤ ’ਚ ਰਹਿ ਕੇ ਵੀ ਆਪਣੇ ਕੱਪੜਿਆਂ ਤੇ ਆਚਾਰ-ਵਿਚਾਰ ਦੀ ਗੱਲ ਨਹੀਂ ਕਰਾਂਗੇ, ਤਾਂ ਕੀ ਵਿਦੇਸ਼ ’ਚ ਕਰਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹੁਣ ਹੰਗਾਮਾ ਖੜ੍ਹਾ ਕਰ ਰਹੇ ਹਨ। ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।