ਨਵੀਂ ਦਿੱਲੀ, 23 ਮਾਰਚ 2021 – ਵਿਸਾਖੀ ਦੇ ਮੌਕੇ ਖਾਲਸਾ ਸਥਾਪਨਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਫਰਵਰੀ ਮਹੀਨੇ ਵਿਚ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਦੇਣ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਮਗਰੋਂ ਭਾਰਤ ਸਰਕਾਰ ਹੁਣ ਵਿਸਾਖੀ ’ਤੇ ਜੱਥਾ ਪਾਕਿਸਤਾਨ ਭੇਜਣ ਲਈ ਰਾਜ਼ੀ ਹੋ ਗਈ ਹੈ। ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਹਦਾਇਤਾਂ ਨਾਲ ਇਹ ਆਗਿਆ ਦਿੱਤੀ ਹੈ। ਸਿੱਖ ਸੰਗਤਾਂ 12 ਐਪ੍ਰਲ ਤੋਂ 21 ਐਪ੍ਰਲ ਦੌਰਾਨ ਪਾਕਿਸਤਾਨ ਜਾਣਗੀਆਂ। 14 ਐਪ੍ਰਲ ਨੂੰ ਸਿੱਖ ਸੰਗਤਾਂ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ‘ਚ ਵੀ ਹਿੱਸਾ ਲੈਣਗੇ।
ਜੱਥਾ 12 ਅਪ੍ਰੈਲ ਨੂੰ ਪੈਦਲ ਵਾਹਗਾ ਸਰਹੱਦ ਪਾਰ ਕਰੇਗਾ ਤੇ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਜਾਵੇਗਾ। ਇਥੇ ਇਹ 13 ਅਪ੍ਰੈਲ ਨੁੰ ਰੁਕੇਗਾ ਤੇ ਵਲੀ ਕੰਧਾਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗਾ। 14 ਅਪ੍ਰੈਲ ਨੂੰ ਇਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਿਸਾਖੀ ਦੇ ਮੁੱਖ ਸਮਾਗਮ ਵਿਚ ਸ਼ਮੂਲੀਅਤ ਕਰੇਗਾ ਤੇ ਬਾਅਦ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਜੱਥੇ ਦੇ ਮੈਂਬਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨਕਰਨਗੇ ਤੇ 16 ਨੂੰ ਗੁਰਦੁਆਰਾ ਸੱਚਾ ਸੌਦਾ ਜਾਣਗੇ ਜਿਥੋਂ ਉਸੇ ਦਿਨ ਵਾਪਸ ਨਨਕਾਣਾ ਸਾਹਿਬ ਆ ਜਾਣਗੇ। ਅਗਲੇ ਦਿਨ 17 ਅਪ੍ਰੈਲ ਨੂੰ ਇਹ ਜੱਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ ਤੇ 18 ਅਪ੍ਰੈਲ ਨੁੰ ਉਥੇ ਹੀ ਠਹਿਰੇਗਾ। 19ਅਪ੍ਰੈਲ ਨੂੰ ਇਹ ਗੁਰਦੁਆਰਾ ਦਰਬਾਰ ਸਾਹਿਬ ਕਰਤਾਪਰੁਰ ਵਿਖੇ ਜਾਵੇਗਾ ਤੇ ਰਾਤ ਨੂੰ ਇਥੇ ਹੀਰੁਕੇਗਾ। 20 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਰੋੜੀ ਸਾਹਿਬ ਲਈ ਰਵਾਨਾ ਹੋਵੇਗਾ ਤੇ ਸ਼ਾਮ ਨੁੰ ਲਾਹੌਰ ਪਰਤ ਆਵੇਗਾ। 21 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਰੁਕੇਗਾ ਤੇ 22 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਵਾਪਸ ਪਰਤ ਆਵੇਗਾ।