ਚੰਡੀਗੜ੍ਹ, 23 ਮਾਰਚ 2021 – ਸੋਮਵਾਰ ਤੋਂ ਹੀ ਪੰਜਾਬ ਦਾ ਮੌਸਮ ਕਰਵਟਾਂ ਬਦਲ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੇ ਫਿਕਰ ਵੱਧ ਗਏ ਹਨ, ਕਿਉਂਕਿ ਕਣਕ ਦੀ ਫ਼ਸਲ ਹੁਣ ਪੱਕਣ ਦੀਆਂ ਬਰੂਹਾਂ ‘ਤੇ ਖੜੀ ਹੈ। ਸੋਮਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਜਿਸ ਨਾਲ ਕਣਕ ਤੇ ਹੋਰ ਫ਼ਸਲਾਂ ਧਰਤੀ ‘ਤੇ ਵਿਛ ਗਈਆਂ। ਅੱਜ ਮੰਗਲਵਾਰ ਨੂੰ ਫਿਰ ਸੂਬੇ ਦੇ ਕਈ ਹਿੱਸਿਆਂ ਵਿੱਚੋਂ ਬਾਰਸ਼ ਹੋਣ ਦੀਆਂ ਸੰਭਾਵਨਾਵਾਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਅੰਦਰ ਬਾਰਸ਼ ਹੋਣ ਦੇ ਆਸਾਰ ਹਨ।
ਅੱਜ ਵੀ ਕਈ ਇਲਾਕਿਆਂ ਵਿੱਚ ਬੱਦਲਵਾਈ ਹੈ ਅਤੇ ਨਾਲ ਹੀ ਤੇਜ਼ ਹਵਾ ਚਾਲ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਪੌਣਾਂ ਦੀ ਗੜਬੜੀ ਕਰਕੇ ਬਾਰਸ਼ ਹੋ ਰਹੀ ਹੈ। ਮੰਗਲਵਾਰ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ ਤੇ ਬੁੱਧਵਾਰ ਨੂੰ ਮੌਸਮ ਸਾਫ਼ ਹੋਣ ਦਾ ਅਨੁਮਾਨ ਹੈ। ਖੇਤੀ ਮਹਿਕਮੇ ਅਨੁਸਾਰ ਸੋਮਵਾਰ ਨੂੰ ਪੰਜਾਬ ਵਿੱਚ ਔਸਤਨ 1.97 ਐਮਐਮ ਬਾਰਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਪੰਜਾਬ ਵਿੱਚ ਔਸਤਨ 10 ਐਮਐਮ ਬਾਰਸ਼ ਹੋਈ ਹੈ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਫਰੀਦਕੋਟ ਤੇ ਮਾਨਸਾ ’ਚ ਜ਼ਿਲ੍ਹੇ ਵਿੱਚ ਬਾਰਸ਼ ਰਿਕਾਰਡ ਕੀਤੀ ਗਈ।