ਅੰਮ੍ਰਿਤਸਰ, 23 ਮਾਰਚ 2021 – ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ ਰੁਟੀਨ ਅਨੁਸਾਰ 4 ਜਥੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਹਨ ਅਤੇ ਅਜਿਹੇ ਵਿਚ ਭਾਰਤ ਸਰਕਾਰ ਵੱਲੋਂ ਇਜਾਜ਼ਤ ਕੋਈ ਵੱਖਰੀ ਗੱਲ ਨਹੀਂ ਹੈ। ਉਨ੍ਹਾਂ ਆਖਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਫਰਵਰੀ ਮਹੀਨੇ ਵਿਚ ਵਿਸ਼ੇਸ਼ ਜਥੇ ਨੂੰ ਕੋਰੋਨਾ ਅਤੇ ਸੁਰੱਖਿਆ ਦਾ ਮਾਮਲਾ ਦੱਸ ਕੇ ਰੱਦ ਕਰ ਦੇਣ ਮਗਰੋਂ ਹੁਣ ਖਾਲਸਾ ਸਾਜਣਾ ਦਿਵਸ ਲਈ ਜਥੇ ਦੀ ਇਜਾਜ਼ਤ ਭਾਰਤ ਸਰਕਾਰ ਦੇ ਪਹਿਲੇ ਫੈਸਲੇ ’ਤੇ ਸਵਾਲ ਪੈਦਾ ਕਰਨ ਵਾਲੀ ਹੈ। ਇਸ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਸਮੇਂ ਭਾਰਤ ਸਰਕਾਰ ਨੇ ਜਾਣਬੁਝ ਕੇ ਜਥੇ ’ਤੇ ਰੋਕ ਲਗਾਈ ਸੀ।
ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਕਾਰਨ ਕੋਈ ਖ਼ਤਰਾ ਨਹੀਂ ਤਾਂ ਉਸ ਵਕਤ ਕੋਰੋਨਾ ਦਾ ਬਹਾਨਾ ਕਿਉਂ ਬਣਾਇਆ ਗਿਆ। ਉਸ ਸਮੇਂ ਤਾਂ ਹੁਣ ਦੇ ਮੁਕਾਬਲੇ ਕੋਰੋਨਾ ਵੀ ਜ਼ਿਆਦਾ ਨਹੀਂ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਮੌਕੇ ਭਾਰਤ ਸਰਕਾਰ ਵੱਲੋਂ ਰੋਕਿਆ ਗਿਆ ਜਥਾ ਸਿੱਖ ਜਗਤ ਕਦੇ ਨਹੀਂ ਭੁੱਲ ਸਕਦਾ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਬਾਰੇ ਭਾਰਤ ਸਰਕਾਰ ਦਾ ਨਾਂਹ-ਪੱਖੀ ਰਵੱਈਆ ਵੀ ਸਿੱਖ ਭਾਵਨਾਵਾਂ ਦੇ ਵਿਰੁੱਧ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਦੇ ਨਾਂ ’ਤੇ ਹੀ ਇਹ ਲਾਂਘਾ ਵੀ ਬੰਦ ਕੀਤਾ ਹੋਇਆ ਹੈ। ਜਦਕਿ ਇਸ ਪਾਵਨ ਅਸਥਾਨ ਵਿਖੇ ਜਾਣ ਵਾਲੀਆਂ ਸੰਗਤਾਂ ਤਾਂ ਸ਼ਾਮ ਸਮੇਂ ਵਾਪਸ ਆ ਜਾਣਗੀਆਂ। ਜੇਕਰ ਹੋਰਨਾਂ ਥਾਵਾਂ ’ਤੇ ਕੋਰੋਨਾ ਲਈ ਕੋਈ ਮਨਾਹੀ ਨਹੀਂ ਤਾਂ ਗੁਰੂ ਘਰ ਦਾ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ।