… ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਲੋਕ : ਹਰਪਾਲ ਸਿੰਘ ਚੀਮਾ
… ਮਾਫੀਆ ਰਾਜ ਖਤਮ ਦੀ ਉਮੀਦ ਲੈ ਕੇ ਕੈਪਟਨ ਨਾਲ ਕੀਤਾ ਸੀ ਕੰਮ, ਪਰ ਹੁਣ ਮਾਫੀਆ ਦੁਗਣਾ ਹੋਇਆ :ਸੀਰਾ
… ਅਸੀਂ ਸੁਖਪਾਲ ਖਹਿਰਾ ‘ਤੇ ਵਿਸ਼ਵਾਸ ਕੀਤਾ, ਪ੍ਰੰਤੂ ਉਨ੍ਹਾਂ ਨੇ ਮਯੂਸ ਕੀਤਾ : ਜਾਖੜ
ਚੰਡੀਗੜ੍ਹ, 31 ਮਾਰਚ 2021 – ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਦੇ ਕਰੀਬੀ ਸਾਥੀ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਦੇਖ-ਰੇਖ ਕਰਨ ਵਾਲੇ ਸੁਮਰਿੰਦਰ ਸਿੰਘ ਸੀਰਾ, ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਪੰਜਾਬੀ ਏਕਤਾ ਪਾਰਟੀ ਦੇ ਫਾਜ਼ਿਲਕਾ ਤੋਂ ਯੂਥ ਦੇ ਜ਼ਿਲ੍ਹਾ ਪ੍ਰਧਾਨ ਜਸ਼ਨਸੰਗੀਤ ਬਰਾੜ, ਤਰਨਤਾਰਨ ਤੋਂ ਸਿੱਖਿਆ ਦੇ ਖੇਤਰ ਵਿੱਚ ਜਾਣੇ ਪਹਿਚਾਣੇ ਜਸਮੀਤ ਸਿੰਘ ਆਹਲੂਵਾਲੀਆ ਅਤੇ ਜ਼ੀਰਕਪੁਰ ਤੋਂ ਸੇਵਾ ਮੁਕਤ ਬੀਡੀਪੀਓ ਰਜਿੰਦਰ ਗੁਪਤਾ ਨੇ ਅੱਜ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਹੈੱਡਕੁਆਟਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਪਾਰਟੀ ਬੁਲਾਰੇ ਗੋਬਿੰਦਰ ਮਿੱਤਲ ਦੀ ਹਾਜ਼ਰੀ ਵਿੱਚ ਉਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਲੋਕ ਅਕਾਲੀਆਂ ਅਤੇ ਕਾਂਗਰਸੀ ਲੁਟੇਰੀਆਂ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ 2017 ਵਿੱਚ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿਚੋਂ ਮਾਫੀਆ ਰਾਜ ਖਤਮ ਕਰਨਗੇ, ਸ੍ਰੀ ਗੁਟਕਾ ਸਾਹਿਬ ਜੀ ਨੂੰ ਹੱਥ ਵਿੱਚ ਫੜ੍ਹਕੇ ਕਿਹਾ ਸੀ ਕਿ ਉਹ 4 ਹਫਤਿਆਂ ਵਿੱਚ ਨਸ਼ਾ ਖਤਮ ਕਰ ਦੇਣਗੇ ਪਰ ਜਦੋਂ ਮੁੱਖ ਮੰਤਰੀ ਬਣਦੇ ਹੀ ਸਾਰੇ ਵਾਅਦਿਆਂ ਤੋਂ ਮੁਕਰ ਗਏ ਹਨ।
ਉਨ੍ਹਾਂ ਕਿਹਾ ਕਿ ਅਕਾਲੀਆਂ, ਕਾਂਗਰਸੀਆਂ ਨ ਵਾਰੀ-ਵਾਰੀ ਪੰਜਾਬ ਨੂੰ ਲੁੱਟਣ ਤੋਂ ਇਲਾਵਾ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੁਣ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਮੁੜ ਤੋਂ ਤਰੱਕੀ ਦੇ ਰਾਹ ਤੋਰ ਸਕਦੀ ਹੈ, ਇਸ ਲਈ ਲੋਕ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।
ਪਾਰਟੀ ਵਿੱਚ ਸ਼ਾਮਲ ਹੋਏ ਸੁਮਰਿੰਦਰ ਸਿੰਘ ਸੀਰਾ ਨੇ ਕਿਹਾ ਕਿ ਉਹ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਸਨ, ਉਨ੍ਹਾਂ ਵੱਲੋਂ ਅਕਾਲੀ ਸਰਕਾਰ ਵੱਲੋਂ ਫੈਲਾਏ ਜਾ ਰਹੇ ਮਾਫੀਆ ਰਾਜ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਜਾਂਦੇ ਸਨ ਤਾਂ ਇਸ ਲਈ ਸਰਗਰਮੀ ਨਾਲ ਕੰਮ ਕਰਦੇ ਰਹੇ ਕਿ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ, ਪ੍ਰੰਤੂ ਜਦੋਂ ਸੱਤਾ ਵਿੱਚ ਆਏ ਤਾਂ ਮਾਫੀਆ ਰਾਜ ਖਤਮ ਨਹੀਂ ਹੋਇਆ, ਸਗੋਂ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੈ ਜੋ ਪੰਜਾਬ ਵਿੱਚੋਂ ਮਾਫੀਆ ਰਾਜ ਨੂੰ ਖਤਮ ਕਰ ਸਕਦੀ ਹੈ।
ਉਪਕਾਰ ਸਿੰਘ ਜਾਖੜ ਨੇ ਕਿਹਾ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਨਾਲ ਵਿਸ਼ਵਾਸ ਕਰਕੇ ਖੜ੍ਹੇ ਸੀ ਕਿ ਉਹ ਪੰਜਾਬ ਲਈ ਕੰਮ ਕਰਨਗੇ, ਪਰ ਸਾਨੂੰ ਉਨ੍ਹਾਂ ਨੇ ਨਰਾਜ਼ ਕੀਤਾ ਹੈ। ਜਸ਼ਨਸੰਗੀਤ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਨੌਜਵਾਨਾਂ ਨੂੰ ਉਮੀਦ ਹੈ ਕਿ ਸਿਰਫ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੀ ਪੰਜਾਬ ਤਰੱਕੀ ਹੋ ਸਕਦੀ ਹੈ, ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਰਜਿੰਦਰ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਤਰੱਕੀ ਵਾਸਤੇ ਸਿਰਫ ਆਮ ਆਦਮੀ ਪਾਰਟੀ ਤੋਂ ਉਮੀਦ ਹੈ, ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਕੇ ਕੰਮ ਕਰਾਂਗੇ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੇ ਕਿਹਾ ਕਿ ਜੋ ਪਾਰਟੀ ਵੱਲੋਂ ਡਿਊਟੀ ਲਗਾਈ ਜਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ।