ਨਵੀਂ ਦਿੱਲੀ, 31 ਮਾਰਚ 2021 – ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸੀਲਬੰਦ ਲਿਫਾਫੇ ’ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਇਸ ਬਾਰੇ ਹੁਣ ਅਦਾਲਤ ਵਿੱਚ ਅਗਲੀ ਸੁਣਵਾਈ ਹੋਏਗੀ। ਮਿਲੀ ਜਾਣਕਾਰੀ ਅਨੁਸਾਰ ਤਿੰਨ ਮੈਂਬਰੀ ਕਮੇਟੀ ਵਲੋਂ ਸੁਪਰੀਮ ਕੋਰਟ ਨੂੰ ਇਹ ਰਿਪੋਰਟ 19 ਮਾਰਚ ਨੂੰ ਹੀ ਸੌਂਪ ਦਿੱਤੀ ਗਈ।
ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਨ ਲਈ ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਕਮੇਟੀ ਦਾ ਗਠਨ ਕੀਤਾ ਸੀ। ਸੁਪਰੀਮ ਕੋਰਟ ਵਲੋਂ ਬਣਾਈ ਗਈ ਇਸ ਕਮੇਟੀ ’ਚ ਖੇਤੀ ਮਾਹਰ ਅਨਿਲ ਘਨਵੰਤ, ਖੇਤੀ ਅਰਥਸ਼ਾਸਤੀ ਅਸ਼ੋਕ ਗੁਲਾਟੀ ਅਤੇ ਪ੍ਰਮੋਦ ਕੁਮਾਰ ਜੋਸ਼ੀ ਅਤੇ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਨੂੰ ਵੀ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਪਰ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਜਿਸ ਤੋਂ ਬਾਅਦ ਕਮੇਟੀ ਤਿੰਨ ਮੈਂਬਰੀ ਹੋ ਗਈ।
ਮੈਂਬਰੀ ਕਮੇਟੀ ਦੀ ਵੈੱਬਸਾਈਟ ਅਨੁਸਾਰ ਕਮੇਟੀ ਨੇ ਕੁੱਲ 23 ਮੀਟਿੰਗਾਂ ਕੀਤੀਆਂ ਹਨ। ਪਹਿਲੀ ਮੀਟਿੰਗ 15 ਜਨਵਰੀ ਨੂੰ ਤੇ ਆਖਰੀ ਮੀਟਿੰਗ 17 ਮਾਰਚ ਨੂੰ ਕੀਤੀ ਗਈ। ਪੰਜਾਬ ਤੇ ਹਰਿਆਣਾ ਦੀ ਕੋਈ ਵੀ ਕਿਸਾਨ ਜਥੇਬੰਦੀ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਈ। ਇਸ ਕਮੇਟੀ ਵੱਲੋਂ 11 ਫਰਵਰੀ ਨੂੰ 18 ਸੂਬਾ ਸਰਕਾਰਾਂ ਨਾਲ ਵੀ ਮੀਟਿੰਗ ਕੀਤੀ ਜਿਸ ’ਚ ਪੰਜਾਬ ਸਰਕਾਰ ਨੇ ਵੀ ਪੱਖ ਰੱਖਿਆ ਸੀ।