ਮੋਹਾਲੀ, 31 ਮਾਰਚ 2021 – ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅੱਜ ਬਿਲਡਰ ਕੋਲੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਰੋਪੜ ਜੇਲ੍ਹ ‘ਚੋਂ ਲਿਆ ਕੇ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਮੁਖਤਾਰ ਅੰਸਾਰੀ ਨੂੰ ਉਸ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ। ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 12 ਅਪਰੈਲ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ।
ਅੰਸਾਰੀ ਨੂੰ ਪੁਲਿਸ ਦੁਆਰਾ ਐਂਬੂਲੈਂਸ ਵਿੱਚ ਅਦਾਲਤ ਵਿੱਚ ਲਿਆਂਦਾ ਗਿਆ। ਅੰਸਾਰੀ ਨੂੰ ਕੋਰਟ ਕੰਪਲੈਕਸ ‘ਚ ਪੁਲਿਸ ਦੀ ਸਖਤ ਸੁਰੱਖਿਆ ਵਿਚ ਇਕ ਵ੍ਹੀਲਚੇਅਰ ‘ਤੇ ਅਦਾਲਤ ਦੇ ਕਮਰੇ ਵਿਚ ਪੇਸ਼ ਕੀਤਾ ਗਿਆ।
ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਤੋਂ ਕੁਝ ਮਿੰਟ ਬਾਅਦ ਅਦਾਲਤ ਨੇ ਅੰਸਾਰੀ ਦੇ ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 12 ਅਪ੍ਰੈਲ ਤੈਅ ਕੀਤੀ। ਅੰਸਾਰੀ ਨੂੰ ਦੁਬਾਰਾ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਉ ਹਲਕੇ ਦਾ ਵਿਧਾਇਕ ਕਤਲ ਅਤੇ ਜਬਰ ਜਨਾਹ ਸਮੇਤ ਤਕਰੀਬਨ 10 ਅਪਰਾਧਿਕ ਮਾਮਲਿਆਂ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਸੁਪਰੀਮ ਕੋਰਟ ਨੇ 26 ਮਾਰਚ ਨੂੰ ਪੰਜਾਬ ਸਰਕਾਰ ਨੂੰ ਅੰਸਾਰੀ ਨੂੰ 14 ਦਿਨਾਂ ਦੇ ਅੰਦਰ-ਅੰਦਰ ਉੱਤਰ ਪ੍ਰਦੇਸ਼ ਹਵਾਲੇ ਕਰਨ ਦੇ ਨਿਰਦੇਸ਼ ਦਿੱਤੇ ਸਨ।