ਮੋਗਾ, 12 ਜੂਨ 2021 – ਜ਼ਿਲ੍ਹਾ ਮੋਗਾ ਦੇ ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਤਲਵੰਡੀ ਦੋਸਾਂਝ ‘ਚ ਇੱਕ 11ਵੀਂ ਜਮਾਤ ‘ਚ ਪੜ੍ਹਦੀ ਕੁੜੀ ਵੱਲੋਂ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਰਤਕ ਦੀ ਪਹਿਚਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ। ਖੁਸ਼ਪ੍ਰੀਤ ਕੌਰ ਦਾ ਪੂਰਾ ਪਰਿਵਾਰ ਕੈਨੇਡਾ ਵਿਖੇ ਰਹਿੰਦਾ ਹੈ ਪਰ ਉਹ ਪੜ੍ਹਾਈ ਕਰਨ ਲਈ ਆਪਣੇ ਨਾਨਾ ਨਾਨੀ ਕੋਲ ਰਹਿੰਦੀ ਸੀ।
ਕੁੜੀ ਵਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਗਿਆ, ਜਿਸ ਵਿਚ ਉਸ ਨੇ ਸਕੂਲ ਦੇ ਇਕ ਅਧਿਆਪਕ ਤੇ ਸਕੂਲ ਪ੍ਰਿੰਸੀਪਲ ਦੀ ਕੁੜੀ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸੁਸਾਈਡ ਨੋਟ ਦੇ ਆਧਾਰ ‘ਤੇ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਦੀ ਕੁੜੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਇੰਚਾਰਜ ਐੱਸ.ਆਈ. ਗੁਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੋਸਾਂਝ ਤਲਵੰਡੀ ਵਾਸੀ ਕੁੜੀ ਖੁਸ਼ਪ੍ਰੀਤ ਕੌਰ ਜੋ ਲੁਧਿਆਣਾ ਰੋਡ ‘ਤੇ ਇਕ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦੀ ਸੀ। ਉਸ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਸ ਨੂੰ ਸਕੂਲ ਅਧਿਆਪਕ ਅਮਨਦੀਪ ਤੇ ਪ੍ਰਿੰਸੀਪਲ ਦੀ ਕੁੜੀ ਰਵਲੀਨ ਕੌਰ ਪਿਛਲੇ ਦੋ ਮਹੀਨੇ ਤੋਂ ਬਲੈਕਮੇਲ ਕਰ ਰਹੇ ਸਨ ਜਿਸ ਤੋਂ ਤੰਗ ਹੋ ਕੇ ਉਹ ਖ਼ੁਦਕੁਸ਼ੀ ਕਰ ਰਹੀ ਹੈ।