- ਵਾਤਾਵਰਣ ਨੂੰ ਬਚਾਉਣ ਵਾਸਤੇ ਇੱਕ ਵਾਰ ਵਰਤੋਂ ’ਚ ਆਉਣ ਵਾਲੀ ਪਲਾਸਟਿਕ ਨੂੰ ਖ਼ਤਮ ਕਰਨ ਲਈ ਟਾਸਕ ਫੋਰਸ ਦਾ ਕੀਤਾ ਜਾਵੇਗਾ ਗਠਨ
ਚੰਡੀਗੜ੍ਹ, 27 ਅਪ੍ਰੈਲ 2021 – ਸੂਬੇ ਨੂੰ ਸਵੱਛ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਕਈ ਹਦਾਇਤਾਂ ਜਾਰੀ ਕੀਤੀਆਂ, ਜਿਨਾਂ ਵਿੱਚ ਅਗਲੇ ਮਹੀਨੇ ਸਰਹਿੰਦ ਨਹਿਰ ’ਚੋਂ ਬੁੱਢੇ ਨਾਲੇ ਵਿੱਚ 200 ਕਿਊਸਿਕ ਪਾਣੀ ਛੱਡਣਾ ਅਤੇ ਵਾਤਾਵਣ ਨੂੰ ਬਚਾਉਣ ਵਾਸਤੇ ਇੱਕ ਵਾਰ ਵਰਤੋਂ ’ਚ ਆਉਣ ਵਾਲੀ ਪਲਾਸਟਿਕ (ਸਿੰਗਲ-ਯੂਜ਼ ਪਲਾਸਟਿਕ) ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਟਾਸਕ ਫੋਰਸ ਦਾ ਗਠਨ ਕਰਨਾ ਸ਼ਾਮਿਲ ਹੈ।
ਵਾਤਾਵਰਣ ਕਾਰਜ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ 13ਵੀਂ ਸਟੇਟ ਅਪੈਕਸ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਜਲ ਸਰੋਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਰਹਿੰਦ ਨਹਿਰ ’ਚੋਂ ਬੁੱਢੇ ਨਾਲੇ ਵਿੱਚ 200 ਕਿਊਸਿਕ ਤਾਜ਼ਾ ਪਾਣੀ ਛੱਡਣ ਦਾ ਪ੍ਰਾਜੈਕਟ ਮਈ 2021 ਤੱਕ ਮੁਕੰਮਲ ਕਰਨ ਤੋਂ ਇਲਾਵਾ ਸਤਲੁਜ ਦਰਿਆ ਵਿੱਚ ਸੁੱਟੇ ਜਾਂਦੇ ਪ੍ਰਦੂਸ਼ਿਤ ਪਾਣੀ (ਖਾਸ ਤੌਰ ’ਤੇ ਲੁਧਿਆਣਾ) ਨੂੰ ਤੁਰੰਤ ਰੋਕਿਆ ਜਾਵੇ।
ਸ੍ਰੀਮਤੀ ਮਹਾਜਨ ਨੇ ਇੱਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਟਾਸਕ ਫੋਰਸ ਬਣਾਉਣ ਦੇ ਆਦੇਸ਼ ਵੀ ਦਿੱਤੇ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼ 2016 ਦੇ ਲਾਗੂਕਰਨ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕਿਹਾ।ਉਨਾਂ ਜ਼ੋਰ ਦਿੰਦਿਆਂ ਕਿਹਾ ਕਿ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਇੱਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਮਿਉਂਸਪਲ ਕਮਿਸ਼ਨਰਾਂ/ਡਿਪਟੀ ਕਮਿਸ਼ਨਰਾਂ ਦੀ ਹੈ।ਇਸ ਮਾਮਲੇ ਦੀ ਦੋ ਮਹੀਨਿਆਂ ਵਿਚ ਇਕ ਵਾਰ ਸੂਬਾ ਪੱਧਰ ’ਤੇ ਨਜ਼ਰਸਾਨੀ ਕੀਤੀ ਜਾਵੇਗੀ।
ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਤ ਕੀਤੇ ਜਾ ਰਹੇ 120 ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸਟੀਪੀਜ਼) ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ, ਉਨਾਂ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਇਨਾਂ ਪ੍ਰਾਜੈਕਟਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤਾ ਜਾਵੇ।
9 ਨਾਨ-ਅਟੇਨਮੈਂਟ ਵਾਲੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ’ਤੇ ਕੰਟਰੋਲ ਸਬੰਧੀ ਪ੍ਰਗਤੀ ਦੀ ਸਮੀਖਿਆ ਦੌਰਾਨ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਗਿਆ ਕਿ 683 ਉਦਯੋਗਿਕ ਇਕਾਈਆਂ ਵਿੱਚੋਂ 50 ਸਟੀਲ ਰੀ-ਰੋਲਿੰਗ ਮਿੱਲਾਂ ਕੋਲੇ ਤੋਂ ਸੀਐਨਜੀ / ਪੀਐਨਜੀ ਵਿੱਚ ਤਬਦੀਲ ਕੀਤੀਆਂ ਗਈਆਂ ਹਨ। ਮੁੱਖ ਸਕੱਤਰ ਨੇ ਪੀ.ਪੀ.ਸੀ.ਬੀ. ਨੂੰ ਹਦਾਇਤ ਕੀਤੀ ਕਿ ਬਾਕੀ ਯੂਨਿਟਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਜਲਦ ਮੁਕੰਮਲ ਕੀਤੀ ਜਾਵੇ।
ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 118 ਇੰਡਕਸ਼ਨ ਭੱਠੀਆਂ ਵਿਚੋਂ 113 ਇੰਡਕਸ਼ਨ ਭੱਠੀਆਂ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਾਈਡ ਸੱਕਸ਼ਨ ਹੁੱਡ ਤਕਨਾਲੋਜੀ ਨੂੰ ਅਪਣਾਇਆ ਗਿਆ ਹੈ। ਇਸ ਦੇ ਨਤੀਜੇ ਵਜੋਂ ਮੰਡੀ ਗੋਬਿੰਦਗੜ, ਖੰਨਾ ਅਤੇ ਲੁਧਿਆਣਾ ਵਿਚ ਹਵਾ ਪ੍ਰਦੂਸ਼ਣ ਵਿਚ ਜ਼ਿਕਰਯੋਗ ਕਮੀ ਆਈ ਹੈ।
ਉਨਾਂ ਮਿਉਂਸਪਲ ਕਾਰਪੋਰੇਸ਼ਨ, ਲੁਧਿਆਣਾ ਨੂੰ ਨਿਰਦੇਸ਼ ਦਿੱਤੇ ਕਿ ਉਹ ਹੈਬੋਵਾਲ ਡੇਅਰੀ ਕੰਪਲੈਕਸ, ਲੁਧਿਆਣਾ ਲਈ ਸਥਾਪਤ ਬਾਇਓ ਗੈਸ ਪਲਾਂਟ ਨੂੰ ਆਪਣੀ ਸਰਬੋਤਮ ਸਮਰੱਥਾ ਤੱਕ ਚਲਾਉਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਪੂਰਾ ਸਹਿਯੋਗ ਦੇਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਨੂੰ ਸਵੱਛ, ਹਰਿਆ-ਭਰਿਆ, ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਵੱਡੀਆਂ ਵਾਤਾਵਰਣਕ ਚੁਣੌਤੀਆਂ ਦਾ ਹੱਲ ਕਰਨ ਲਈ ਸਾਰੇ ਲੋੜੀਂਦੇ ਉਪਰਾਲੇ ਕਰਨ ਲਈ ਕਿਹਾ ਤਾਂ ਜੋ ਪਾਣੀ ਅਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ।ਇਸ ਤੋਂ ਇਲਾਵਾ ਉਨਾਂ ਵਿਗਿਆਨਿਕ ਢੰਗ ਨਾਲ ਠੋਸ ਅਤੇ ਪਲਾਸਟਿਕ ਕੂੜੇ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।ਉਨਾਂ ਕਿਹਾ ਕਿ ਮੌਜੂਦਾ ਮਹਾਂਮਾਰੀ ਦੇ ਹਾਲਾਤਾਂ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੈ ਕਿ ਸਾਰੇ ਵਿਭਾਗਾਂ ਵੱਲੋਂ ਰਾਜ ਦੇ ਵਾਤਾਵਰਣ ਨਾਲ ਜੁੜੇ ਮਸਲਿਆਂ ਦਾ ਵਧੇਰੇ ਗੰਭੀਰਤਾ ਨਾਲ ਪ੍ਰਬੰਧਨ ਕੀਤਾ ਜਾਵੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸਰੋਤ ਸ੍ਰੀ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀਮਤੀ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਅਜੋਏ ਕੁਮਾਰ ਸਿਨਹਾ ਅਤੇ ਸਬੰਧਤ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।