- 9 ਜ਼ਿਲ੍ਹਿਆਂ ਦੇ ਪਿੰਡਾਂ ਨੂੰ ਹੋਵੇਗਾ ਸਿੱਧਾ ਲਾਭ
ਚੰਡੀਗੜ੍ਹ, 6 ਫਰਵਰੀ 2021 – ਪੰਜਾਬ ਦੇ 9 ਜ਼ਿਲ੍ਹਿਆਂ ਦੇ ਜਿਹੜੇ ਪਿੰਡਾਂ ਵਿਚ ਪਾਣੀ ਆਰਸੈਨਿਕ ਜਾਂ ਹੈਵੀ ਮੈਟਲ/ਫਲੋਰਾਇਡ ਨਾਲ ਪ੍ਰਭਾਵਿਤ ਹੈ ਅਤੇ ਉੱਥੇ ਨਹਿਰੀ ਪਾਣੀ ਪਹੁੰਚਾਉਣਾ ਮੁਸ਼ਕਿਲ ਹੈ, ਉਨ੍ਹਾਂ ਪਿੰਡਾਂ ਵਿੱਚ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟ ਜਾਂ ਇੰਡੀਵੀਜ਼ੂਅਲ ਹਾਊਸਹੋਲਡ ਯੂਨਿਟ ਜਾਂ ਆਰ.ਓ. ਪਲਾਂਟ ਲਗਾਏ ਜਾ ਰਹੇ ਹਨ। ਇਹ ਪ੍ਰੋਜੈਕਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਵਾਏ ਜਾ ਰਹੇ ਹਨ। ਮਾਰਚ 2021 ਤੱਕ ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਤਰਨ ਤਾਰਨ, ਕਪੁਰਥਲਾ, ਲੁਧਿਆਣਾ ਅਤੇ ਐਸ.ਬੀ.ਐਸ. ਨਗਰ ਦੇ ਕੁੱਲ 291 ਪਿੰਡਾਂ ਦੇ ਵਾਸੀਆਂ ਨੂੰ ਸ਼ੁੱਧ ਪੀਣਯੋਗ ਪਾਣੀ ਮਿਲੇਗਾ। ਜਦਕਿ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 102 ਪਿੰਡਾਂ ਵਿਚ ਪਹਿਲਾਂ ਹੀ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ।
ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ 131 ਪਿੰਡ, ਜਿੱਥੋਂ ਦੇ ਪਾਣੀ ਵਿਚ ਆਰਸੈਨਿਕ ਤੱਤ ਹੈ, ਉਨ੍ਹਾਂ ਪਿੰਡਾਂ ਵਿਚ 38.62 ਕਰੋੜ ਰੁਪਏ ਦੀ ਲਾਗਤ ਨਾਲ ਆਰਸੈਨਿਕ ਅਤੇ ਆਇਰਨ ਰਿਮੁਵਲ ਪਲਾਂਟ ਲਗਾਏ ਜਾ ਰਹੇ ਹਨ। 102 ਪਿੰਡਾਂ ਵਿਚ 22.28 ਕਰੋੜ ਰੁਪਏ ਦੀ ਲਾਗਤ ਨਾਲ ਇਕ ਪ੍ਰੋਜੈਕਟ ਪੂਰਾ ਵੀ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਿੰਡਾਂ ਦੀ 1 ਲੱਖ 38 ਹਜ਼ਾਰ 959 ਅਬਾਦੀ ਨੂੰ ਹੁਣ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਾਕੀ ਪਿੰਡਾਂ ਵਿਚ ਮਾਰਚ 2021 ਤੱਕ ਪ੍ਰੋਜੈਕਟ ਮੁਕੰਮਲ ਕਰ ਲਏ ਜਾਣਗੇ।
ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਜਿਨ੍ਹਾਂ 54 ਪਿੰਡਾਂ ਵਿਚ ਆਰਸੈਨਿਕ ਦੀ ਮਾਤਰਾ ਜ਼ਿਆਦਾ ਹੈ ਅਤੇ ਨਹਿਰੀ ਪਾਣੀ ਆਧਾਰਿਤ ਸਕੀਮਾਂ ਨੂੰ ਮੁੰਕਮਲ ਹੋੋਣ ਵਿਚ ਲਗਭਗ 2 ਸਾਲ ਦਾ ਸਮਾਂ ਲੱਗ ਜਾਣ ਦੀ ਸੰਭਾਵਨਾ ਹੈ, ਉਨ੍ਹਾਂ ਪਿੰਡਾਂ ਨੂੰ ਫੋੋਰੀ ਤੌਰ ‘ਤੇ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਇੱਕ ਪ੍ਰੋੋਜੈਕਟ ਤਿਆਰ ਕੀਤਾ ਗਿਆ ਹੈ। ਇਸ ਪ੍ਰੋੋਜੈਕਟ ਅਧੀਨ ਡਿਸੈਂਟਰਲਾਇਜ਼ਡ ਇੰਡੀਵਿਉਜਲ ਆਰਸੈਨਿਕ ਪੀਊਰੀਫਿਕੇਸ਼ਨ ਯੂਨਿਟ ਹਰ ਘਰ ਨੂੰ ਦਿੱਤਾ ਜਾਵੇਗਾ। ਇਹ ਪੀਊਰੀਫਿਕੇਸ਼ਨ ਯੂਨਿਟ ਆਈ.ਆਈ.ਟੀ. ਮਦਰਾਸ ਵਲੋਂ ਤਿਆਰ ਕੀਤੀ ਤਕਨਾਲੋਜੀ ‘ਤੇ ਆਧਾਰਤ ਹੈ। ਸਿਰਫ ਇਸ ਪ੍ਰੋੋਜੈਕਟ ਦੀ ਲਾਗਤ 4.85 ਕਰੋੋੜ ਰੁਪਏ ਹੈ। ਇਸ ਪ੍ਰੋੋਜੈਕਟ ਨੂੰ ਲਾਗੂ ਕਰਨ ਤੋੋਂ ਪਹਿਲਾ ਇਸ ਦਾ ਟ੍ਰਾਇਲ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਰਦਾਲਕੇ ਵਿੱਚ ਕੀਤਾ ਗਿਆ ਸੀ ਜੋੋ ਕਿ ਕਾਮਯਾਬ ਰਿਹਾ ਹੈ। ਇਹ ਪ੍ਰੋੋਜੈਕਟ ਵੀ ਮਾਰਚ 2021 ਤੱਕ ਮੁੰਕਮਲ ਹੋੋ ਜਾਵੇਗਾ।
ਇਸੇ ਤਰ੍ਹਾਂ ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਤਰਨ ਤਾਰਨ, ਕਪੁਰਥਲਾ, ਲੁਧਿਆਣਾ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹਿਆਂ ਦੇ 106 ਪਿੰਡਾਂ ਵਿਚ ਜਿੱਥੇ ਪਾਣੀ ਵਿਚ ਹੈਵੀ ਮੈਟਲ/ਫਲੋਰਾਇਡ ਤੱਤ ਹੈ, ਉੱਥੇ 15.26 ਕਰੋੜ ਦੀ ਲਾਗਤ ਨਾਲ ਆਰ. ਓ. ਪਲਾਂਟ ਲਗਾਏ ਜਾ ਰਹੇ ਹਨ। ਇਹ ਪ੍ਰੋਜੈਕਟ ਵੀ ਮਾਰਚ 2021 ਤੱਕ ਪੂਰਾ ਹੋ ਜਾਵੇਗਾ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਾਰੀ ਹਨ। 1 ਫਰਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਤਹਿਤ 255 ਕਰੋੜ ਰੁਪਏ ਦੀ ਲਾਗਤ ਨਾਲ 112 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਦਕਿ 52 ਕਰੋੜ ਤੋਂ ਵੀ ਜ਼ਿਆਦਾ ਦੇ 154 ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਨ੍ਹਾਂ ਤੋਂ ਇਲਾਵਾ 845.44 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵੱਖ-ਵੱਖ 1822 ਨੀਂਹ ਪੱਥਰ ਵੀ ਰੱਖੇ ਹਨ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਦੇ 85 ਪਿੰਡਾਂ ਦੇ 67 ਹਜ਼ਾਰ ਘਰਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ 218 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦਾ ਪਹਿਲਾ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਪਿੰਡ ਦੌਧਰ ਵਿਖੇ ਸਫਲਤਾਪੂਰਵਕ ਚੱਲ ਰਿਹਾ ਹੈ।