ਬਠਿੰਡਾ, 2 ਜੂਨ 2021: ਬੀਤੀ ਅੱਧੀ ਰਾਤ ਬਠਿੰਡਾ-ਡੱਬਵਾਲੀ ਕੌਮੀ ਸੜਕ ਮਾਰਗ ਤੇ ਪਿੰਡ ਪਥਰਾਲਾ ਕੋਲ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇੱਕੋ ਪਿੰਡ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਮ੍ਰਿਤਕਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅਮਨਾ (26), ਚਾਨਣ ਸਿੰਘ (24)ਤੇ ਗੁਰਪ੍ਰੀਤ ਸਿੰਘ ਉਰਫ ਵਿੱਕੀ (20) ਪਿੰਡ ਚੱਕ ਰੁਲਦੂ ਸਿੰਘ ਵਾਲਾ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਤਿੰਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਪਥਰਾਲਾ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਹਾਦਸੇ ਉਪਰੰਤ ਅਮਨਦੀਪ ਸਿੰਘ ਦੇ ਸਾਹ ਚੱਲ ਰਹੇ ਸਨ ਜਿਸ ਨੂੰ ਹਸਪਤਾਲ ਲਿਆਉਂਦਿਆਂ ਰਸਤੇ ’ਚ ਮੌਤ ਹੋ ਗਈ ਜਦੋਂਕਿ ਦੋ ਮੌਕੇ ਤੇ ਹੀ ਮਾਰੇ ਗਏ ਸਨ।
ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਆਪਣੇ ਪਿੰਡ ਚੱਕ ਰੁਲਦੂ ਸਿੰਘ ਵਾਲਾ ’ਚ ਆਪਣਾ ਮਕਾਨ ਬਣਾ ਰਿਹਾ ਸੀ ਜਿੱਥੇ ਚਾਨਣ ਸਿੰਘ ਰਾਜ ਮਿਸਤਰੀ ਅਤੇ ਵਿੱਕੀ ਮਜਦੂਰ ਦੇ ਤੌਰ ਤੇ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਹ ਤਿੰਨੋ ਡੂਮਵਾਲੀ ਤੋਂ ਖਾਣਾ ਖਾਕੇ ਵਾਪਿਸ ਪਰਤ ਰਹੇ ਸਨ ਤਾਂ ਪਥਰਾਲਾ ਦੇ ਜਲ ਘਰ ਕੋਲ ਅਣਪਛਾਤੀ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਮਿਰਤਕ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨਾਂ ਤੇ ਅਣਪਛਾਤੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।