ਜੇਲ੍ਹ ਵਿਭਾਗ ਵਿੱਚ 43 ਨਵੇਂ ਸਹਾਇਕ ਸੁਪਰਡੈਂਟ ਨਿਯੁਕਤ, ਰੰਧਾਵਾ ਨੇ ਸੰਕੇਤਕ ਤੌਰ ‘ਤੇ 4 ਨੂੰ ਨਿਯੁਕਤੀ ਪੱਤਰ ਸੌਂਪੇ

  • ਜੇਲ੍ਹਾਂ ਦੇ ਬੁਨਿਆਦੀ ਢਾਂਚੇ ਵਿੱਚ ਮਿਸਾਲੀ ਤਬਦੀਲੀਆਂ; ਗੈਂਗਸਟਰਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ

ਚੰਡੀਗੜ੍ਹ, ਅਪਰੈਲ 29, 2021 – ‘ਪੰਜਾਬ ਘਰ-ਘਰ ਰੁਜ਼ਗਾਰ ਅਤੇ ਕਰੋਬਾਰ ਮਿਸ਼ਨ’ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜੇਲ੍ਹ ਵਿਭਾਗ ਵਿੱਚ 43 ਸਹਾਇਕ ਸੁਪਰਡੈਂਟ ਨਿਯੁਕਤ ਕੀਤੇ ਗਏ। ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਦਫਤਰ ਵਿਖੇ ਭਰਤੀ ਕੀਤੇ ਇਨ੍ਹਾਂ ਸਹਾਇਕ ਸੁਪਰਡੈਂਟਾਂ ਵਿੱਚੋਂ ਸੰਕੇਤਕ ਤੌਰ ‘ਤੇ 4 ਸਹਾਇਕ ਸੁਪਰਡੈਂਟਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਰੰਧਾਵਾ ਨੇ ਚੁਣੇ ਗਏ ਜੇਲ੍ਹ ਕਰਮੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਕੋਵਿਡ ਬੰਦਿਸ਼ਾਂ ਦੇ ਚੱਲਦਿਆਂ ਬਾਕੀ 39 ਉਮੀਦਵਾਰਾਂ ਨੂੰ ਵੱਖਰੇ ਤੌਰ ‘ਤੇ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ।

ਜੇਲ੍ਹ ਮੰਤਰੀ ਨੇ ਅੱਗੇ ਕਿਹਾ ਕਿ ਜੇਲ੍ਹਾਂ ਵਿਭਾਗ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਮਿਸਾਲੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਸੀ.ਸੀ.ਟੀ.ਵੀ. ਲਗਾਉਣੇ ਸ਼ਾਮਲ ਹਨ ਤਾਂ ਜੋ ਜੇਲ੍ਹਾਂ ਅੰਦਰ ਮੋਬਾਈਲ ਫੋਨਾਂ ਦੀ ਤਸਕਰੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੈਣੀ ਨਜ਼ਰ ਰੱਖੀ ਜਾ ਸਕੇ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਸ. ਰੰਧਾਵਾ ਨੇ ਕਿਹਾ, ”ਕਿਸੇ ਵੀ ਹਾਲਾਤ ਵਿੱਚ ਜੇਲ੍ਹਾਂ ਦੇ ਮਾਹੌਲ ਨੂੰ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਗੈਂਗਸਟਰਵਾਦ ਦੇ ਮਾਮਲੇ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਦੀ ਪਾਲਣਾ ਕੀਤੀ ਜਾਵੇਗੀ।”

ਏ.ਡੀ.ਜੀ.ਪੀ. (ਜੇਲ੍ਹਾਂ) ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਮੰਤਰੀ ਨੂੰ ਦੱਸਿਆ ਕਿ ਸਹਾਇਕ ਸੁਪਰਡੈਂਟ ਵਜੋਂ ਚੁਣੇ ਗਏ 43 ਉਮੀਦਵਾਰਾਂ ਵਿੱਚ ਅੱਜ ਜਿਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਉਨ੍ਹਾਂ ਵਿੱਚ ਜਸਕਿੰਦਰ ਸਿੰਘ, ਅਕਾਸ਼ਦੀਪ ਬੱਤਰਾ, ਪ੍ਰਭਦਿਆਲ ਸਿੰਘ ਅਤੇ ਸਮਨਦੀਪ ਕੌਰ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰ 6 ਮਹੀਨਿਆਂ ਲਈ ਪਟਿਆਲਾ ਦੇ ਪੰਜਾਬ ਜੇਲ੍ਹ ਸਿਖਲਾਈ ਸਕੂਲ ਵਿਖੇ ਸ਼ੁਰੂਆਤੀ ਸਿਖਲਾਈ ਹਾਸਲ ਕਰਨ ਉਪਰੰਤ ਪ੍ਰੈਟੀਕਲ ਟ੍ਰੇਨਿੰਗ ਹਾਸਲ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਜੇਲ੍ਹਾਂ ਡੀ.ਕੇ. ਤਿਵਾੜੀ ਅਤੇ ਆਈ.ਜੀ. (ਜੇਲ੍ਹਾਂ) ਆਰ.ਕੇ. ਅਰੋੜਾ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਰੋਨਾ ਦੇ ਮਰੀਜ਼ ਨੇ ਪੀਜੀਆਈ ਦੀ ਖਿੜਕੀ ‘ਚੋਂ ਮਾਰੀ ਛਾਲ

ਸਰਕਾਰ ਕੋਰੋਨਾ ਦੇ ਨਾਮ ‘ਤੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਪਰ ਆਈਪੀਐਲ ਕਰਵਾਉਣ ਲਈ ਹਰੀ ਝੰਡੀ ਦਿੱਤੀ – ਗੁਰਦੀਪ ਗੋਸ਼ਾ