ਗੁਰੂਗ੍ਰਾਮ, 6 ਮਈ 2021 – ਗੁਰੂ ਗ੍ਰਾਮ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਵੀਡੀੳ ਵਾਇਰਲ ਹੋ ਰਹੀ ਐ, ਜਿੱਥੇ ਕੋਵਿਡ ਪੀੜਤ ਮਰੀਜ਼ਾਂ ਦੇ ਸਕੇ ਦੁਹਾਈ ਪਾਉਂਦੇ ਨਜ਼ਰ ਆ ਰਹੇ ਨੇ ਕਿ ਹਸਪਤਾਲ ਦੇ ਆਈ.ਸੀ.ਯੂ ‘ਚ ਮਰੀਜ਼ਾਂ ਨੂੰ ਮਰਿਆਂ ਛੱਡ ਕੇ ਹਸਪਤਾਲ ਦੇ ਡਾਕਟਰ ਤੇ ਸਟਾਫ ਉਥੋਂ ਰਫੂ ਚੱਕਰ ਹੋ ਗਏ।
ਇਹ ਘਟਨਾ ਲ਼ੰਘੀ 30 ਅਪ੍ਰੈਲ ਦੀ ਐ ਜਦੋਂ ਗੁਰੂਗਰਾਮ ਦੇ ਸੈਕਟਰ -56 ਸਥਿਤ ਕ੍ਰਿਤੀ ਹਸਪਤਾਲ ‘ਚ ਦੇਰ ਰਾਤ ਛੇ- ਤੋਂ ਅੱਠ ਮਰੀਜ਼ਾਂ ਦੀ ਮੌਤ ਹੋਈ ਦੱਸੀ ਗਈ। ਜਿਨ੍ਹਾਂ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋਈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਨੇ ਆਕਸੀਜਨ ਦੀ ਪੂਰਤੀ ਲਈ ਕੋਈ ਇੰਤਜ਼ਾਮ ਨਹੀਂ ਕੀਤੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਡਾਕਟਰ ਤੇ ਕੋਈ ਮੈਡੀਕਲ ਸਟਾਫ ਨਹੀਂ ਮਿਲਿਆ।
ਜਦੋਂ ਪੀੜਤ ਪਰਿਵਾਰ ਆਪਣੇ ਮਰੀਜ਼ਾਂ ਦੀ ਤਲਾਸ਼ ਕਰਨ ‘ਤੇ ਹੰਗਾਮਾ ਕਰਨ ਲੱਗੇ ਤਾਂ ਪੁਲਿਸ ਮੌਕੇ ‘ਤੇ ਪਹੁੰਚੀ। ਵਾਇਰਲ ਹੋਈ ਵੀਡੀੳ ‘ਚ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰ ਚੀਕਦੇ ਸੁਣਾਈ ਦਿੰਦੇ ਹਨ।
ਇੰਡੀਆ ਟੂਡੇ ਦੀ ਖਬਰ ਮੁਤਾਬਕ ਘਟਨਾ ਤੋਂ ਛੇ ਦਿਨਾਂ ਬਾਅਦ ਵੀ ਪੁਲਿਸ ਵੱਲੋਂ ਹਸਪਤਾਲ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਘਟਨਾ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਗੁਰੂਗ੍ਰਾਮ ਵਿਚ ਕੋਵਿਡ -19 ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।