ਟੋਰਾਂਟੋ, 15 ਅਪ੍ਰੈਲ 2021 – ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਐਲਾਨ ਕੀਤਾ ਕਿ ਕੈਨੇਡਾ ਵਿਚ ਰਹਿ ਰਹੇ 90,000 ਪ੍ਰਵਾਸੀਆਂ ਨੂੰ ਪੀ.ਆਰ. ਦਿੱਤੀ ਜਾਵੇਗੀ। ਇਨ੍ਹਾਂ ਵਿਚ ਬਹੁ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ। ਜਿਸ ਵਿਚ 40,000 ਵਿਦਿਆਰਥੀਆਂ ਨੂੰ ਪੱਕਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਤੇ ਬਾਕੀ ਦੇ 50,000 ਲੋਕ ਉਹ ਹਨ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਜਾਂ ਉਹ ਆਰਜ਼ੀ ਤੌਰ ‘ਤੇ ਕੈਨੇਡਾ ਵਿਚ ਕੰਮ ਕਰ ਰਹੇ ਹਨ।
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਗਲੇ ਮਹੀਨੇ ਕੁਝ ਨਵੇਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਤਹਿਤ 90,000 ਐਸੈਂਸ਼ੀਅਲ ਵਰਕਰਾਂ ਅਤੇ ਅੰਤਰਰਾਸ਼ਟਰੀ ਗਰੈਜੂਏਟ ਸਟੂਡੈਂਟਸ ਕੈਨੇਡਾ ਦੀ ਪੀ.ਆਰ. ਹਾਸਲ ਕਰ ਸਕਣਗੇ।
ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਨਵੀਆਂ ਤਬਦੀਲੀਆਂ ਤਹਿਤ ਹੈਲਥ ਕੇਅਰ ਵਰਕਰਾਂ ਅਤੇ ਹੋਰ ਯੋਗ ਵਰਕਰਾਂ ਕੋਲ ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਜਿਸ ਆਸਰੇ ਉਹ ਪੀ.ਆਰ. ਲਈ ਅਪਲਾਈ ਕਰ ਸਕਣਗੇ। ਅੰਤਰਰਾਸ਼ਟਰੀ ਗਰੈਜੂਏਟਸ ਲਈ ਜ਼ਰੂਰੀ ਹੋਵੇਗਾ ਕਿ ਉਨ੍ਹਾਂ ਨੇ ਕੈਨੇਡਾ ਵਿਚ 4 ਸਾਲ ਦਾ ਪੋਸਟ ਸੈਕੰਡਰੀ ਪ੍ਰੋਗਰਾਮ ਪੂਰਾ ਕਰ ਲਿਆ ਹੋਵੇ। ਇਸ ਸਬੰਧੀ ਅਰਜ਼ੀਆਂ ਲੈਣ ਦੀ ਪ੍ਰਕਰਿਆ 6 ਮਈ 2021 ਤੋਂ ਸ਼ੁਰੂ ਹੋਵੇਗੀ ਅਤੇ 5 ਨਵੰਬਰ,2021 ਤੱਕ ਜਾਂ ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਜਾਰੀ ਰਹੇਗੀ।