… ਸ਼ੈਲਰ ਮਾਲਕਾਂ ਨਾਲ ਬਾਰਦਾਨੇ ਦੇ ਨਾਤੇ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ
… ਵਪਾਰੀਆਂ ਦੀ ਬਾਂਹ ਫੜ੍ਹਨ ਦੀ ਬਜਾਏ ਉਨ੍ਹਾਂ ਉਤੇ ਪੰਜਾਬ ਸਰਕਾਰ ਹੋਰ ਬੋਝ ਪਾ ਰਹੀ ਹੈ
… ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ
ਚੰਡੀਗੜ੍ਹ, 26 ਮਾਰਚ 2021 – ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਪੰਜਾਬੀ ਦੀ ਇਕ ਅਹਿਮ ਮੀਟਿੰਗ ਅੱਜ ਇਥੇ ਸੂਬਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਡਿਪਟੀ ਪ੍ਰਧਾਨ ਸੰਦੀਪ ਸਿੰਗਲਾ, ਅਨਿਲ ਠਾਕੁਰ, ਅਜੇ ਲਿੰਬੜਾ, ਜਨਰਲ ਸਕੱਤਰ ਸ਼ਿਵ ਕੌੜਾ, ਸਕੱਤਰ ਡਾ. ਵਿਜੈ ਸਿੰਗਲਾ, ਪ੍ਰਦੀਪ ਮਲੋਹਤਰਾ, ਮਨੀਸ਼ ਅਗਰਵਾਲ ਅਤੇ ਜੁਆਇੰਟ ਸਕੱਤਰ ਰਣਜੋਧ ਸਿੰਘ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਉਤੇ ਪ੍ਰੋਫੈਸ਼ਨਲ ਟੈਕਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2.5 ਲੱਖ ਦੀ ਆਮਦਨ ਉਤੇ ਲਗਾਏ ਗਏ 200 ਰੁਪਏ ਪ੍ਰਤੀ ਮਹੀਨਾ ਟੈਕਸ ਨਾਲ ਵਪਾਰੀਆਂ ਉਤੇ ਹੋਰ ਬੋਝ ਪਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਕੋਰੋਨਾ ਦੇ ਚਲਦਿਆਂ ਵਪਾਰੀਆਂ ਦਾ ਕਾਰੋਬਾਰ ਦਾ ਬਹੁਤ ਮੰਦਾ ਚਲ ਰਿਹਾ ਹੈ, ਵਪਾਰੀਆਂ ਨੂੰ ਆਪਣਾ ਕਾਰੋਬਾਰ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ, ਦੂਜੇ ਪਾਸੇ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜ੍ਹਨ ਦੀ ਬਜਾਏ ਉਤੇ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਸਭ ਤੋਂ ਨਿਕੰਮੀ ਤੇ ਨਖਿੱਧ ਸਾਬਤ ਹੋ ਰਹੀ ਹੈ, ਜੋ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਤੇ ਹੋਰ ਬੋਝ ਪਾ ਕੇ ਦਬ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ‘ਚ ਸ਼ੈਲਰ ਮਾਲਕਾਂ ਨਾਲ ਇਕ ਹੋਰ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਦਾਨੇ ਦੇ ਨਾਤੇ ਸ਼ੈਲਰ ਮਾਲਕਾਂ ਉਤੇ ਹੋਰ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪੈਸੇ ਬਾਰਦਾਨੇ ਦੇ ਸੈਲਰ ਮਾਲਕਾਂ ਨੂੰ ਦਿੱਤੇ ਜਾ ਰਹੇ ਹਨ ਉਹ ਬਹੁਤ ਘੱਟ ਹਨ, ਜਦੋਂ ਕਿ ਬਾਰਦਾਨੇ ਦੀ ਕੀਮਤ ਉਸ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਬਾਰਦਾਨੇ ਵਿੱਚ ਵਾਧੂ ਪੈਸੇ ਸੈਲਰ ਮਾਲਕਾਂ ਆਪਣੀ ਜੇਬ ਵਿੱਚੋਂ ਪਾਉਣੇ ਪੈਣਗੇ ਜਿਸ ਨਾਲ ਸ਼ੈਲਰ ਮਾਲਕਾਂ ਦੀ ਮਾਲੀ ਹਾਲਤ ਹੋਰ ਖਰਾਬ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਟ੍ਰੇਡ ਵਿੰਗ ਪੰਜਾਬ ਵੱਲੋਂ ਪੰਜਾਬ ਦੇ ਵਪਾਰੀਆਂ ਨੂੰ ਜੱਥੇਬੰਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਹੈ ਜੋ ਆਪਣੇ ਵਪਾਰੀਆਂ ਨੂੰ ਸਹੂਲਤਾਂ ਦੇ ਰਹੀ ਹੈ ਤਾਂ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਆਪਣਾ ਕਾਰੋਬਾਰ ਕਰ ਸਕਣ। ਵਾਪਰੀਆਂ ਨੂੰ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ, ਹੋਰਨਾਂ ਟੈਕਸਾਂ ਤੋਂ ਵੀ ਰਾਹਤ ਦਿੱਤੀ ਜਾ ਰਹੀ ਹੈ ਤਾਂ ਜੋ ਕਾਰੋਬਾਰੀ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਹੈ ਜੋ ਆਪਣੀਆਂ ਤਿਜੌਰੀਆ ਭਰਨ ਦੇ ਇਰਾਦੇ ਨਾਲ ਲੋਕਾਂ ਉਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਗਾਕੇ ਉਨ੍ਹਾਂ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਸਹੂਲਤਾ ਦੇਣਾ ਹੁੰਦਾ ਹੈ, ਨਾ ਕਿ ਲੋਕਾਂ ਉਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਗਾਕੇ ਉਨ੍ਹਾਂ ਨੂੰ ਲੁੱਟਣਾ।