- ਪਹਿਲਾਂ ਸਾਂਸਦ ਬਿੱਟੂ ਦੇ ਭਰਾ ਨੂੰ ਡੀਐੱਸਪੀ, ਅਤੇ ਹੁਣ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਬੇਟੇ ਨੂੰ ਡੀ.ਐਸ.ਪੀ ਅਤੇ ਵਿਧਾਇਕ ਰਾਕੇਸ ਪਾਂਡੇ ਦੇ ਬੇਟੇ ਨੂੰ ਤਹਿਸੀਲਦਾਰ, ਕੈਬਨਿਟ ਮੰਤਰੀ ਧਰਮਸੋਤ ਅਤੇ ਵਿਧਾਇਕ ਵੈਦ ਦੇ ਪੁੱਤਰ ਨੂੰ ਏ.ਜੀ ਆਫਿਸ ਚ’ ਨਿਯੁਕਤ ਕਰਨ ਲਈ ਸਿਫਾਰਿਸ਼ ਨਿੰਦਣਯੋਗ
- ਚੋਣਾਂ ਤੋਂ ਪਹਿਲਾਂ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਪਕੜ ਕੇ ਪੰਜਾਬ ਚ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰੇ ਕੈਪਟਨ
- ਦੇਸ ਲਈ ਸਹੀਦ ਹੋਣ ਵਾਲੇ ਸਰਦਾਰ ਉਧਮ ਸਿੰਘ ਦੇ ਪਰਿਵਾਰ ਦੇ ਮੈਂਬਰ ਦਿਹਾੜੀਆਂ ਕਰਨ ਲਈ ਕਿਉਂ ਮਜਬੂਰ
ਚੰਡੀਗੜ੍ਹ, 3 ਜੂਨ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਫੈਸਲੇ ਖਿਲਾਫ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਦਾ ਘਿਰਾਓ ਕੀਤਾ। ਇਸ ਸਮੇਂ ਆਪ ਆਗੂਆਂ ਨੇ ਦੋਸ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜ੍ਹ ਕੇ ਪੰਜਾਬ ਦੇ ਲੋਕਾਂ ਨਾਲ ‘ਘਰ ਘਰ ਨੌਕਰੀ’ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਮੁੱਖ ਮੰਤਰੀ ਕੇਵਲ ਕਾਂਗਰਸੀ ਆਗੂਆਂ ਦੇ ਧੀਆਂ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਵਾਅਦਾ ਪੂਰਾ ਕਰ ਰਹੇ ਹਨ, ਜਦੋਂ ਕਿ ਪੰਜਾਬ ਦੇ ਆਮ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਰੋਜਗਾਰ ਮੇਲਿਆਂ ਦੇ ਨਾਂ ‘ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ ਯੂਥ ਵਿੰਗ ਦੇ ਸਹਿ ਪ੍ਰਧਾਨ ਅਨਮੋਲ ਗਗਨ ਮਾਨ, ਖਜਾਨਚੀ ਨੀਨਾ ਮਿੱਤਲ ਹਾਜ਼ਰ ਸਨ।
ਇਸ ਇਸ ਮੌਕੇ ਬੋਲਦਿਆਂ ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਰਾਜਕਾਲ ‘ਚ ਪਹਿਲਾਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭਰਾ ਨੂੰ ਡੀ.ਐੱਸ.ਪੀ ਦੀ ਨੌਕਰੀ ਦਿੱਤੀ। ਹੁਣ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਬੇਟੇ ਨੂੰ ਡੀ.ਐਸ.ਪੀ, ਵਿਧਾਇਕ ਰਾਕੇਸ ਪਾਂਡੇ ਦੇ ਬੇਟੇ ਨੂੰ ਤਹਿਸੀਲਦਾਰ, ਕੈਬਨਿਟ ਮੰਤਰੀ ਧਰਮਸੋਤ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਪੁੱਤਰ ਨੂੰ ਏ.ਜੀ ਆਫਿਸ ‘ਚ ਨਿਯੁਕਤ ਕਰਨ ਲਈ ਸਿਫਾਰਿਸ਼ ਕੀਤੀ ਹੈ, ਜੋ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।
ਆਪ ਆਗੂਆਂ ਨੇ ਕਿਹਾ ਕਿ ਦੇਸ ਲਈ ਸਹੀਦ ਹੋਣ ਵਾਲੇ ਸਰਦਾਰ ਉਧਮ ਸਿੰਘ ਦੇ ਪਰਿਵਾਰ ਦੇ ਮੈਂਬਰ ਦਿਹਾੜੀਆਂ ਕਰਨ ਲਈ ਮਜਬੂਰ ਹਨ । ਕੈਪਟਨ ਸਰਕਾਰ ਨੇ ਇਸ ਦੇਸ ਭਗਤ ਪਰਿਵਾਰ ਦੀ ਸਾਰ ਨਹੀਂ ਲਈ, ਪਰ ਕਾਂਗਰਸੀਆਂ ਵਿਧਾਇਕਾਂ ਦੇ ਪੁੱਤਰਾਂ ਨੂੰ ਵੱਡੀਆਂ ਵੱਡੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਅਰਬਪਤੀ ਪਿਤਾ ਐਮ. ਐੱਲ. ਏ. ਬਣ ਗਏ, ਅਮਰਿੰਦਰ ਸਿੰਘ ਨੂੰ ਅਜਿਹੇ ਬੱਚੇ ਜ਼ਰੂਰਤਮੰਦ ਨਜ਼ਰ ਆਉਂਦੇ ਹਨ।
ਆਪ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਪੁੱਛਿਆ ਕਿ ਸਰਕਾਰ ਨੇ ਅੱਤਵਾਦੀ ਹਮਲਿਆਂ, ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਆਮ ਪਰਿਵਾਰਾਂ ਦੇ ਕਿੰਨੇ ਧੀਆਂ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ? ਬਹਿਬਲ ਕਲਾਂ – ਕੋਟਕਪੂਰਾ ਗੋਲੀਕਾਂਡ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰ ਨੂੰ ਕਿਹੜੀ ਕਿਹੜੀ ਨੌਕਰੀ ਦਿੱਤੀ ਹੈ?
ਆਪ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਸਾਲਾਂ ਵਿੱਚ 17 ਲੱਖ ਨੌਕਰੀਆਂ ਦੇਣ ਦੇ ਕੀਤੇ ਗਏ ਦਾਅਵੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਮੋਦੀ ਦੀ ਤਰਜ਼ ‘ਤੇ ਪਕੌੜੇ ਵੇਚਣ ਨੂੰ ਵੀ ਰੋਜ਼ਗਾਰ ਬਣਾ ਦਿੱਤਾ ਹੈ । ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਜਾਂ ਤਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਜਾਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਵਿਚ ਆਪਣਾ ਭਵਿੱਖ ਬਣਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਪੰਜ ਸਭ ਤੋਂ ਵੱਧ ਬੇਰੋਜ਼ਗਾਰੀ ਵਾਲੇ ਸੂਬਿਆਂ ਵਿੱਚ ਸਾਮਲ ਹੈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰ ਕੇ ਸਰਕਾਰ ਬਣਾਈ ਸੀ। ਆਗੂਆਂ ਨੇ ਕਿਹਾ ਕਿ 20 ਲੱਖ ਨੌਕਰੀਆਂ ਦਾ ਨਾਅਰਾ, ਹੁਣ ਲਾਰਾ ਬਣ ਕੇ ਰਹਿ ਗਿਆ ਹੈ। ਪੰਜਾਬ ਦੇ ਲੋਕਾਂ ਨੂੰ ਇੱਕ ਕੇਂਦਰ ਵਿੱਚ ਬਹਿ ਕੇ ਜੁਮਲੇ ਸੁਣਾਉਂਦਾ ਅਤੇ ਦੂਜਾ ਆਪਣੇ ਫਾਰਮ ਹਾਊਸ ਵਿੱਚ ਬੈਠ ਕੇ।