- ਸਵੇਰੇ 08.00 ਵਜੇ ਤੋਂ ਸ਼ੁਰੂ ਹੋਵੇਗਾ ਵੋਟਾਂ ਪੈਣ ਦਾ ਕਾਰਜ
- ਵੋਟਾਂ ਪੁਆਉਣ ਦੇ ਕਾਰਜ ਲਈ 20510 ਮੁਲਾਜ਼ਮਾਂ ਤੋਂ ਇਲਾਵਾ ਲਗਭਗ 19000 ਪੁਲਿਸ ਮੁਲਾਜ਼ਮ ਤੈਨਾਤ
ਚੰਡੀਗੜ੍ਹ, 13 ਫਰਵਰੀ 2021 – ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਅਤੇ ਜਿਮਨੀ ਚੋਣਾਂ ਲਈ ਮਿਤੀ 14 ਫਰਵਰੀ, 2021 ਨੂੰ ਸਵੇਰੇ 08.00 ਵਜੇ ਤੋ ਸ਼ਾਮ ਦੇ 04.00 ਵਜੇ ਤਕ ਵੋਟਾਂ ਪੈਣਗੀਆਂ ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਰਾਜ ਚੋਣ ਕਮਿਸ਼ਨ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚੜਾਉਣ ਲਈ ਕੁਲ 30 ਆਈ.ਏ.ਐਸ./ਪੀ.ਸੀ.ਐਸ ਅਫਸਰ ਬਤੌਰ ਆਬਜਰਵਰ ਨਿਯੁਕਤ ਕੀਤੇ ਗਏ ਹਨ। ਇਨਾਂ ਤੋ ਇਲਾਵਾ ਪੰਜਾਬ ਪੁਲਿਸ ਦੇ ਆਈ.ਜੀ/ਡੀ.ਆਈ.ਜੀ ਰੈਂਕ ਦੇ ਪੁਲਿਸ ਆਬਜਰਵਰ ਵੀ ਤੈਨਾਤ ਕੀਤੇ ਹਨ ਜਿਨਾਂ ਵਿਚ ਮੋਹਾਲੀ, ਰੋਪੜ ਅਤੇ ਫਤਿਹਗੜ ਸਾਹਿਬ ਲਈ ਸ੍ਰੀ ਮੁੱਖਵਿੰਦਰ ਸਿੰਘ ਛੀਨਾ, ਆਈ.ਪੀ.ਐਸ., ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਲਈ ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ., ਬਠਿੰਡਾ, ਮਾਨਸਾ,ਫਰੀਦਕੋਟ ਲਈ ਸ੍ਰੀ ਬਲਜੋਤ ਸਿੰਘ ਰਾਠੌਰ, ਆਈ.ਪੀ.ਐਸ, ਹੁਸਿਆਰਪੁਰ, ਜਲੰਧਰ, ਕਪੂਰਥਲਾ, ਨਵਾਂ ਸਹਿਰ ਲਈ ਸ੍ਰੀ ਸੁਰਿੰਦਰ ਕੁਮਾਰ ਕਾਲੀਆ, ਆਈ.ਪੀ.ਐਸ., ਫਿਰੋਜਪੁਰ, ਮੁਕਤਸਰ, ਮੋਗਾ ਅਤੇ ਫਾਜਿਲਕਾ ਲਈ ਸ੍ਰੀ ਹਰਬਾਜ ਸਿੰਘ, ਆਈ.ਪੀ.ਐਸ., ਅਤੇ ਪਟਿਆਲਾ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਲਈ ਗੁਰਿੰਦਰ ਸਿੰਘ ਢਿਲੋਂ, ਆਈ.ਪੀ.ਐਸ. ਨੂੰ ਨਿਯੁਕਤ ਕੀਤਾ ਗਿਆ ਹੈ।ਵੋਟਾਂ ਪੈਣ ਦਾ ਕਾਰਜ ਵੋਟਿੰਗ ਮਸ਼ੀਨਾਂ ਰਾਹੀਂ ਹੋਵੇਗਾ ਜਿਸ ਲਈ 7000 ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਦੇ ਕਾਰਜ ਨਿਰਵਿਘਨ ਨੇਪਰੇ ਚਾੜਨ ਲਈ 20510 ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸ ਤੋ ਇਲਾਵਾ ਲਗਭਗ 19000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਾਜ ਵਿੱਚ ਕੁਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਜਿਨਾਂ ਵਿਚੋਂ 1708 ਸੈਂਸਟਿਵ ਬੂਥ ਅਤੇ 161 ਹਾਈਪਰ-ਸੈਂਸਟਿਵ ਬੂਥ ਹਨ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜਿਹੜੇ ਵੋਟਰ ਸ਼ਾਮ 04.00 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ਵਿਚ ਦਾਖਲ ਹੋ ਜਾਣਗੇ ਉਨਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਰਾਂ ਮਿਤੀ 14 ਫਰਵਰੀ, 2021 ਅਤੇ 17 ਫਰਵਰੀ, 2021 ਨੂੰ ਡਰਾਈ ਡੇਜ਼ ਘੋਸ਼ਿਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਸਵੇਰੇ 09.00 ਵਜੇ ਆਰੰਭ ਹੋਵੇਗੀ।