ਮਲੋਟ, 25 ਮਈ 2021 – ਮਲੋਟ ਦੇ ਗੁਰੂ ਰਵਿਦਾਸ ਨਗਰ ਵਿਚ ਇਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਪਿਸ਼ਾਬ ਪਿਆਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਇਕ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਹੈ । ਨੌਜਵਾਨ ਨੂੰ ਬੰਨ੍ਹ ਕੇ ਉਸ ਦੇ ਵਾਲ ਵੀ ਕੱਟ ਦਿੱਤੇ ਗਏ। ਇਹਨਾਂ ਹੀ ਨਹੀਂ ਨੌਜਵਾਨ ਨੂੰ ਜਬਰੀ ਪੇਸ਼ਾਬ ਪਿਲਾਉਣ ਦੇ ਦੋਸ਼ ਵੀ ਲਗਾਏ ਹਨ। ਸਿਟੀ ਮਲੋਟ ਦੇ ਮੁੱਖ ਅਫ਼ਸਰ ਮੋਹਨ ਲਾਲ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ। ਉਕਤ ਨੌਜਵਾਨ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਮਾਮਲਾ ਮੁੰਡੇ ਕੁੜੀ ਦੇ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਲੜਕੀ ਨਾਲ ਉਸ ਦੇ ਕਥਿਤ ਤੌਰ ’ਤੇ ਪ੍ਰੇਮ ਸਬੰਧ ਹਨ। ਉਧਰ ਘਟਨਾ ਦਾ ਪਤਾ ਚੱਲਦਿਆਂ ਸਿਟੀ ਥਾਣਾ ਦੀ ਪੁਲਿਸ ਨੇ ਮੌਕੇ ’ਤੇ ਆ ਕੇ ਨੌਜਵਾਨ ਨੂੰ ਛੁਡਵਾਇਆ ਤੇ ਉਸਨੂੰ ਮਲੋਟ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ, ਜੋ ਤੱਥ ਸਾਹਮਣੇ ਆਉਣਗੇ, ਉਸਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।