- ਕੇਂਦਰ ਵੱਲੋਂ 13000 ਕਰੋੜ ਵਿਚ ਅਨਾਜ ਖਰੀਦ ਮਾਮਲੇ ਦੇ ਨਬੇੜੇ ਦੀ ਸਹਿਮਤੀ ਦੇ ਬਾਵਜੂਦ ਅਕਾਲੀ ਭਾਜਪਾ ਸਰਕਾਰ ਨੇ ਚਾੜਿਆ ਪੰਜਾਬ ਸਿਰ 31000 ਕਰੋੜ ਦਾ ਕਰਜ ਸੁਨੀਲ ਜਾਖੜ
- ਪੰਜਾਬ ਦਾ ਭਵਿੱਖ ਗਹਿਣੇ ਰੱਖਣ ਲਈ ਪਰਮਿੰਦਰ ਸਿੰਘ ਢੀਂਡਸਾ ਨੂੰ ਕੀਤੇ ਤਿੱਖੇ ਸਵਾਲ, ਸੱਚ ਜੱਗ ਜਾਹਿਰ ਕਰਨ ਲਈ ਢੀਂਡਸਾ ਤੇ ਭਾਜਪਾ ਨੂੰ ਵੰਗਾਰਿਆ
- ਯੂਥ ਕਾਂਗਰਸ 8 ਮਾਰਚ ਨੂੰ ਭਾਜਪਾ ਆਗੂਆਂ ਨੂੰ ਦੇਵੇਗੀ ਰਿਪੋਰਟ ਦੀਆਂ ਕਾਪੀਆਂ
ਚੰਡੀਗੜ੍ਹ, 4 ਮਾਰਚ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪਿੱਛਲੀ ਸਰਕਾਰ ਵੱਲੋਂ ਅਨਾਜ ਖਰੀਦ ਮਾਮਲੇ ਦੇ ਬਕਾਇਆ ਕੇਸ ਦੇ ਨਬੇੜੇ ਲਈ 31000 ਕਰੋੜ ਦਾ ਕਰਜ ਪੰਜਾਬ ਸਿਰ ਓਟਣ ਨੂੰ ਉਨਾਂ ਵੱਲੋਂ ਪੰਜਾਬ ਦੇ ਭਵਿੱਖ ਨਾਲ ਕੀਤੀ ਵੱਡੀ ਗੱਦਾਰੀ ਕਰਾਰ ਦਿੰਦਿਆਂ ਆਖਿਆ ਹੈ ਕਿ ਅਸਲ ਵਿਚ ਕੇਂਦਰ ਸਰਕਾਰ ਤਾਂ ਸਿਰਫ 13000 ਕਰੋੜ ਰੁਪਏ ਵਿਚ ਹੀ ਇਸ ਕੇਸ ਦਾ ਨਬੇੜਾ ਕਰਨ ਨੂੰ ਤਿਆਰ ਸੀ।
ਅੱਜ ਇੱਥੇ ਭਾਰਤ ਸਰਕਾਰ ਦੀ ਇਕ ਰਿਪੋਰਟ ਦੀ ਕਾਪੀ ਮੀਡੀਆ ਨਾਲ ਸਾਂਝਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਤਤਕਾਲੀ ਖਜਾਨਾ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਉਨਾਂ ਨੂੰ ਸਾਹਮਣੇ ਆ ਕੇ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਲਈ ਵੰਗਾਰਿਆ ਅਤੇ ਕਿਹਾ ਕਿ ਉਹ ਕਿਹੜੇ ਕਾਰਨ ਸਨ ਜਿੰਨਾਂ ਕਾਰਨ ਉਨਾਂ ਪੰਜਾਬ ਦਾ ਭਵਿੱਖ ਹੀ ਦਾਅ ਤੇ ਲਗਾ ਦਿੱਤਾ।
ਜਾਖੜ ਨੂੰ ਕਿਹਾ ਕਿ ਇਹ ਸਹੀ ਸਮਾਂ ਹੈ ਜਦ ਸ੍ਰੀ ਢੀਂਡਸਾ ਆਪਣੇ ਕੀਤੇ ਪਾਪ ਨੂੰ ਧੋ ਸਕਦੇ ਹਨ ਅਤੇ ਉਨਾਂ ਤਾਕਤਾਂ ਨੂੰ ਜਨਤਕ ਕਰ ਸਕਦੇ ਹਨ ਜਿੰਨਾ ਨੇ ਕੇਂਦਰ ਸਰਕਾਰ ਵੱਲੋਂ 13000 ਕਰੋੜ ਵਿਚ ਕੇਸ ਦਾ ਨਿਪਟਾਰਾ ਕਰਨ ਦੀ ਸਹਿਮਤੀ ਦੇ ਬਾਜਜੂਦ ਪੰਜਾਬ ਸਿਰ 31000 ਕਰੋੜ ਦਾ ਕਰਜ ਓਟਿਆ। ਉਨਾਂ ਨੇ ਕਿਹਾ ਕਿ ਸ੍ਰੀ ਢੀਂਡਸਾ ਨੂੰ ਇਸ ਮਾਮਲੇ ਵਿਚ ਭਾਜਪਾ ਦੇ ਪੰਜਾਬ ਵਿਰੋਧੀ ਰੋਲ ਨੂੰ ਵੀ ਉਜਾਗਰ ਕਰਨ ਦੀ ਚੁਣੌਤੀ ਦਿੱਤੀ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਰਿਪੋਰਟ ਬੜੀ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਤਾਂ ਚਾਹੁੰਦੀ ਸੀ ਕਿ ਪੰਜਾਬ ਸਿਰਫ 13000 ਦਾ ਬੋਝ ਚੁੱਕੇ, ਜਦ ਕਿ ਅਕਾਲੀ ਦਲ ਇਸ ਵਿਸੇ ਤੇ ਹੋਰ ਹੀ ਝੂਠ ਬੋਲਦਾ ਰਿਹਾ ਹੈ।
ਜਾਖੜ ਨੇ ਸ੍ਰੀ ਢੀਂਡਸਾ ਨੂੰ ਪੁੱਛਿਆ ਕਿ ਕੀ ਤੁਹਾਡੀ ਅੰਤਰ ਆਤਮਾ ਨੇ ਇਕ ਵਾਰ ਵੀ ਤੁਹਾਨੂੰ ਇਸ ਤਰਾਂ ਕਰਨ ਤੋਂ ਨਹੀਂ ਵਰਜਿਆ ਜੋ ਤੁਸੀਂ ਪੰਜਾਬ ਵਾਸੀਆਂ ਤੇ ਇੰਨੇ ਵੱਡੇ ਕਰਜ ਦਾ ਬੋਝ ਚੜਾ ਦਿੱਤਾ । ਉਨਾਂ ਨੇ ਕਿਹਾ ਕਿ ਅਕਾਲੀ ਆਗੂ ਤਾਂ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਵਿਸਾਰ ਕੇ ਰਾਜ ਧਰਮ ਹੀ ਭੁੱਲ ਗਏ ਸਨ।
ਪੰਜਾਬ ਭਵਨ ਵਿਚ ਪੈ੍ਰਸ ਕਾਨਫਰੰਸ ਦੌਰਾਨ ਸ੍ਰੀ ਜਾਖੜ ਨੇ ਕਿਹਾ ਕਿ ਇਸ ਵਿੱਤੀ ਘੋਟਾਲੇ ਵਿਚ ਤਤਕਾਲੀ ਵਿੱਤ ਮੰਤਰੀ ਸ੍ਰੀ ਢੀਂਡਸਾ ਸ਼ਾਮਿਲ ਸਨ ਅਤੇ ਉਨਾਂ ਤੇ ਅਕਾਲੀ ਭਾਜਪਾ ਦੇ ਆਗੂਆਂ ਨੂੰ ਪੰਜਾਬੀ ਇਸ ਘੋਟਾਲੇ ਲਈ ਕਦੇ ਮਾਫ ਨਹੀਂ ਕਰਣਗੇ।
ਜਾਖੜ ਨੇ ਢੀਂਡਸਾ ਨੂੰ ਕਿਹਾ ਕਿ ਚੰਗਾ ਹੋਵੇਗਾ ਜੇਕਰ ਉਹ ਹੁਣ ਵੀ ਸੱਚ ਪੰਜਾਬੀਆਂ ਦੇ ਸਾਹਮਣੇ ਲਿਆ ਕੇ ਆਪਣੇ ਗੁਨਾਹਾ ਦੀ ਮਾਫੀ ਮੰਗਣ। ਉਨਾਂ ਨੇ ਕਿਹਾ ਕਿ ਭਾਜਪਾ ਕੋਲ ਵੀ ਇਹ ਮੌਕਾ ਹੈ ਕਿ ਉਹ ਆਪਣਾ ਪੱਖ ਸਾਹਮਣੇ ਰੱਖੇ ਅਤੇ ਇਸ ਸਾਰੇ ਘੋਟਾਲੇ ਵਿਚ ਅਕਾਲੀ ਦਲ, ਢੀਂਡਸਾ ਅਤੇ ਭਾਜਪਾ ਦਾ ਕੀ ਰੋਲ ਸੀ। ਉਨਾਂ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਪੰਜਾਬ ਨਾਲ ਐਨੀ ਵੱਡੀ ਗੱਦਾਰੀ ਕਰਕੇ ਅੱਜ ਵੀ ਅਕਾਲੀ ਦਲ ਦੇ ਆਗੂ ਆਪਣੇ ਆਪ ਨੂੰ ਪੰਜਾਬ ਦੇ ਹਿੱਤੂ ਦੱਸ ਰਹੇ ਹਨ। ਉਨਾਂ ਨੇ ਕਿਹਾ ਕਿ ਇਹ ਰਿਪੋਰਟ ਕਿਸੇ ਦੇ ਮਨ ਵਿਚ ਕੋਈ ਸੱਕ ਸੁਭਾ ਨਹੀਂ ਛੱਡਦੀ ਕਿ ਅਕਾਲੀ ਦਲ ਨੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਆਪਣੇ ਸਿਆਸੀ ਹਿੱਤ ਸਾਧਨ ਲਈ ਸੂਬੇ ਦੀ ਵਿੱਤੀ ਸਥਿਰਤਾ ਨੂੰ ਹੀ ਗਹਿਣੇ ਪਾ ਦਿੱਤਾ।
ਉਨਾਂ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀਮਤੀ ਸੀਤਾਰਮਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਸਾਰੇ ਤੱਖ ਉਜਾਗਰ ਕਰਨ ਲਈ ਕਹਿਣਗੇ। ਇਸ ਮੌਕੇ ਉਨਾਂ ਨੇ ਇਹ ਵੀ ਐਲਾਣ ਕੀਤਾ ਕਿ 8 ਮਾਰਚ ਨੂੰ ਯੂਥ ਕਾਂਗਰਸ ਵੱਲੋਂ ਭਾਜਪਾ ਦੇ ਸੀਨਿਅਰ ਆਗੂਆਂ ਸ੍ਰੀ ਨਿਸੰਕ ਗੌਤਮ, ਸ੍ਰੀ ਤਰੁਣ ਚੁੱਘ ਅਤੇ ਸ੍ਰੀ ਸ਼ਵੇਤ ਮਲਿਕ ਨੂੰ ਇਸ ਰਿਪੋਰਟ ਦੀਆਂ ਕਾਪੀਆਂ ਦੇਣਗੇ ਤਾਂ ਜੋ ਉਹ ਆਪਣਾ ਪੱਖ ਇਸ ਬਾਰੇ ਰੱਖ ਸਕਨ ਕਿਉਂਕਿ ਪਿੱਛਲੀ ਸਰਕਾਰ ਵਿਚ ਉਹ ਵੀ ਬਰਾਬਰ ਦੇ ਭਾਈਵਾਲ ਸਨ। ਇਸੇ ਤਰਾਂ ਕਾਂਗਰਸ ਪਾਰਟੀ ਦੇ ਵਿਧਾਇਕ ਇਸ ਰਿਪੋਰਟ ਦੀਆਂ ਕਾਪੀਆਂ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕਾਂ ਨੂੰ ਦੇ ਕੇ ਉਨਾਂ ਤੋਂ ਜਵਾਬ ਮੰਗਣਗੇ।