ਪੰਜਾਬ ਦੇ ਮੰਤਰੀ ਸਿੱਧੀ ਅਦਾਇਗੀ ਦੇ ਮਸਲੇ ‘ਤੇ ਪਿਯੂਸ਼ ਗੋਇਲ ਸਾਹਮਣੇ ਪੰਜਾਬ ਦੇ ਕਿਸਾਨਾਂ ਦਾ ਪੱਖ ਰੱਖਣ ਵਿੱਚ ਫੇਲ੍ਹ ਸਾਬਤ ਹੋਏ – ਆਪ

… ਸਿੱਧੀ ਅਦਾਇਗੀ ਬਾਰੇ ਕਿਸਾਨਾਂ-ਆੜ੍ਹਤੀਆਂ ਸਮੇਤ ਸਮੂਹ ਪੰਜਾਬੀਆਂ ਦੇ ਸ਼ੰਕੇ ਦੂਰ ਕਰੇ ਕੈਪਟਨ ਸਰਕਾਰ-ਮੀਤ ਹੇਅਰ
… ਐਮ.ਐਸ.ਪੀ ਸੰਬੰਧੀ ਪ੍ਰਧਾਨ ਮੰਤਰੀ ਦੇ ਦਾਅਵੇ ਝੂਠੇ ਸਾਬਤ ਹੋਏ, ਕੈਪਟਨ ਮੋਦੀ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੇ ਹਨ ਧੱਕੇਸ਼ਾਹੀ
… ਹੋਰਨਾਂ ਰਾਜਾਂ ਤੋਂ ਕਣਕ ਤੇ ਝੋਨਾ ਲਿਆਉਣ ਦੇ ਗੋਰਖਧੰਦੇ ‘ਚ ਕੈਪਟਨ ਦੇ ਮੰਤਰੀ ਤੇ ਸੰਤਰੀ ਸ਼ਾਮਲ : ਅਮਰਜੀਤ ਸੰਦੋਆ
… ਕਿਸਾਨਾਂ ਨੇ ਹੀ ਹੋਰਨਾਂ ਸੂਬਿਆਂ ਤੋਂ ਨਾਜਾਇਜ਼ ਢੰਗ ਨਾਲ ਲਿਆਂਦੇ ਜਾ ਰਹੇ ਕਣਕ ਤੇ ਝੋਨੇ ਦੇ ਟਰੱਕ ਫੜੇ, ਪ੍ਰਸ਼ਾਸਨ ਸੁੱਤਾ : ਸੰਦੋਆ

ਚੰਡੀਗੜ੍ਹ, 10 ਅਪ੍ਰੈਲ 2021 – ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮੌਜੂਦਾ ਸਮੇਂ ਵਿੱਚ ਫਸਲਾਂ ਦੀ ਸਿੱਧੀ ਅਦਾਇਗੀ ਸਬੰਧੀ ਚੱਲ ਰਹੇ ਰੇੜਕੇ ਉੱਤੇ ਕੇਂਦਰ ਅਤੇ ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਮਿਲ ਕੇ ਕਿਸਾਨਾਂ ਅਤੇ ਆੜਤੀਆਂ ਨੂੰ ਬੇਵਕੂਫ ਬਣਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਝੂਠੇ ਵਾਅਦੇ ਕਰ ਰਹੇ ਹਨ ਕਿ ਇਸ ਸੀਜ਼ਨ ਵਿੱਚ ਸਿੱਧੀ ਅਦਾਇਗੀ ਨਹੀਂ ਹੋਵੇਗੀ ਪ੍ਰੰਤੂ ਹੁਣ ਉਨ੍ਹਾਂ ਦੇ ਮੰਤਰੀ ਇਸ ਗੱਲ ਤੋਂ ਮੁੱਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਚਾਰ ਮੰਤਰੀਆਂ ਦੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੀਟਿੰਗ ਦੇ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦਾ ਪੱਖ ਦ੍ਰਿੜ੍ਹਤਾ ਨਾਲ ਨਾ ਰੱਖਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਪੈਰ ਪੈਰ ਤੇ ਝੂਠ ਬੋਲ ਰਹੇ ਹਨ।

ਆਪ ਵਿਧਾਇਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੰਸਦ ਵਿੱਚ ਦਾਅਵੇ ਤੇ ਵਾਅਦੇ ਕਰਦੇ ਹਨ ਕਿ ਫਸਲਾਂ ‘ਤੇ ਐਮ.ਐਸ.ਪੀ ( ਘੱਟੋ ਘੱਟ ਸਮਰਥਨ ਮੁੱਲ) ਹੈ ਅਤੇ ਰਹੇਗਾ, ਪਰ ਪੰਜਾਬ ਦੇ ਕਿਸਾਨਾਂ ਨੇ ਵੱਖ ਵੱਖ ਥਾਵਾਂ ‘ਤੇ ਕਣਕ ਲੱਦੇ ਸੈਂਕੜੇ ਟਰਾਲੇ ਫੜ ਕੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੋਲ ਕੇ ਰੱਖ ਦਿਤੀ ਹੈ, ਜੋ ਹੋਰਨਾਂ ਸੂਬਿਆਂ ਤੋਂ ਐਮ.ਐਸ.ਪੀ ਤੋਂ ਘੱਟ ਮੁੱਲ ‘ਤੇ ਖਰੀਦੀ ਗਈ ਸੀ। ਉਨਾਂ ਕਿਹਾ ਕਿ ਹੋਰਨਾਂ ਰਾਜਾਂ ਤੋਂ ਸਸਤੀਆਂ ਫਸਲਾਂ ਖਰੀਦ ਕੇ ਪੰਜਾਬ ਵਿੱਚ ਮਹਿੰਗੇ ਮੁੱਲ ‘ਤੇ ਵੇਚਣ ਦਾ ਵਰਤਾਰਾ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਾਲੇ ਫ਼ਸਲ ਮਾਫੀਏ ਵੱਲੋਂ ਕੀਤਾ ਜਾ ਰਿਹਾ ਹੈ।

ਵਿਧਾਇਕ ਮੀਤ ਹੇਅਰ ਨੇ ਕਿਹਾ ਫ਼ਸਲ ਮਾਫੀਏ ਨੂੰ ਸੱਤਾਧਾਰੀਆਂ ਦੀ ਸਰਪਰਸਤੀ ਹਾਸਲ ਹੈ। ਸੂਬੇ ਦਾ ਸਿਵਲ ਪ੍ਰਾਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਕਿਉਂਕਿ ਇਸ ਗੋਰਖਧੰਦੇ ਵਿੱਚ ਸੂਬੇ ਦੇ ਮੁਖ ਮੰਤਰੀ ਸਮੇਤ ਮੰਤਰੀ ਅਤੇ ਕਾਂਗਰਸੀ ਆਗੂ ਸ਼ਾਮਲ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀ ਰਾਤ ਦੇ ਕਰਫਿਊ ਦੌਰਾਨ ਆਪਣੇ ਗੋਰਖਧੰਦੇ ਚਲਾ ਰਹੇ ਅਤੇ ਪੰਜਾਬ ਦੇ ਆਰਥਿਕ ਸਾਧਨਾਂ ਦੀ ਲੁੱਟ ਕਰ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਸੂਬੇ ‘ਚ ਝੋਨੇ ਦੇ ਸੀਜਨ ਦੌਰਾਨ ਉਤਪਾਦਨ ਤੋਂ 50 ਹਜ਼ਾਰ ਟਨ ਵਾਧੂ ਝੋਨਾਂ ਪੰਜਾਬ ਦੀਆਂ ਮੰਡੀਆਂ ਵਿਚ ਵੇਚਿਆ ਗਿਆ, ਪਰ ਕਾਂਗਰਸ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਜਾਂਚ ਕਮੇਟੀਆਂ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਉਨਾਂ ਨੂੰ ਕਲੀਨ ਚਿੱਟ ਦੇ ਦਿੰਦੀ ਹੈ।

ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦੱਸਿਆ ਕਿ ਉਨਾਂ ਦੇ ਜ਼ਿਲੇ ਦੇ ਕਿਸਾਨਾਂ ਨੇ 8 ਅਪ੍ਰੈਲ ਦੀ ਰਾਤ ਨੂੰ 45 ਟਰਾਲੇ ਕਣਕ ਦੇ ਫੜੇ,ਜੋ ਬਾਹਰਲੇ ਸੂਬਿਆਂ ਤੋਂ ਲਿਆਂਦੇ ਗਏ ਸਨ। ਉਨਾਂ ਕਿਹਾ ਕਿ ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ 1 ਅਪ੍ਰੈਲ ਤੋਂ ਹਰ ਰੋਜ ਬਾਹਰਲੇ ਰਾਜਾਂ ਤੋਂ ਕਣਕ ਦੇ ਭਰੇ ਟਰੱਕ ਆ ਰਹੇ ਸਨ, ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਆਖਰ ਕਿਸਾਨਾਂ ਨੇ ਹੀ ਇਹ ਟਰੱਕ ਫੜੇ ਅਤੇ ਪ੍ਰਸ਼ਾਸਨ ਦੇ ਹਵਾਲੇ ਕੀਤੇ ਅਤੇ ਹੁਣ ਕਿਸਾਨਾਂ ਵੱਲੋਂ ਲਾਏ ਧਰਨੇ ਕਰਕੇ ਪ੍ਰਸ਼ਾਸਨ ਨੇ ਇਹ ਟਰੱਕ ਪੰਜਾਬ ਤੋਂ ਬਾਹਰ ਭੇਜਣ ਦਾ ਫ਼ੈਸਲਾ ਕੀਤਾ ਹੈ।

ਵਿਧਾਇਕ ਮੀਤ ਹੇਅਰ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਸੂਬੇ ਦੀ ਹਿੱਤਾਂ ਨਾਲ ਖਿਲਵਾੜ ਹੋਣ ਦੇਵੇਗੀ। ਉਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਵੱਲੋਂ ਫੜੇ ਕਣਕ ਦੇ ਟਰਾਲਿਆਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਗੋਰਧੰਦੇ ਵਿਚ ਸ਼ਾਮਲ ਅਫ਼ਸਰਾਂ ਅਤੇ ਲੀਡਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਚੱਲਦਿਆਂ ਕਣਕ ਦੀ ਸੁਰੱਖਿਅਤ ਖਰੀਦ ਅਤੇ ਮੰਡੀਕਰਨ ਬਾਰੇ ਐਡਵਾਈਜ਼ਰੀ ਜਾਰੀ

ਦੂਜੇ ਰਾਜਾਂ ਤੋਂ ਕਣਕ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਤਿੰਨ ਫਰਮਾਂ ਵਿਰੁੱਧ ਪਰਚੇ ਦਰਜ – ਆਸ਼ੂ