ਫਿਰਕੂ ਅਨਸਰਾਂ ਤੇ ਸਰਕਾਰੀ ਏਜੰਟਾਂ ਵੱਲੋਂ ਕਿਸਾਨ ਘੋਲ ਨੂੰ ਅਗਵਾ ਕਰਨ ਦੀ ਸਾਜ਼ਿਸ਼ ਫੇਲ੍ਹ – ਉਗਰਾਹਾਂ

  • ਵਿਸ਼ਾਲ ਲਾਮਬੰਦੀਆ ਦੇ ਰਾਹ ‘ਤੇ ਡਟੇ ਰਹਿਣ ਦਾ ਐਲਾਨ
  • ਮੋਦੀ ਹਕੂਮਤ ਵੱਲੋਂ ਢਾਹੇ ਜ਼ਬਰ ਦੀ ਨਿੰਦਾ

ਚੰਡੀਗੜ੍ਹ, 28 ਜਨਵਰੀ 2021 – 26 ਜਨਵਰੀ ਨੂੰ ਇੱਕ ਪਾਸੇ ਮੋਦੀ ਸਰਕਾਰ ਵਲੋਂ ਰਾਜਪਥ ‘ਤੇ ਝਾਕੀਆਂ ਕੱਢਕੇ ਦੇਸ਼ ਅੰਦਰ ਦੇਸੀ ਵਿਦੇਸ਼ੀ ਕਾਰਪੋਰੇਟਾ ਦੀ ਸਰਦਾਰੀ ਤੇ ਮੋਦੀ ਦੀ ਉਹਨਾਂ ਨਾਲ਼ ਵਫ਼ਾਦਾਰੀ ਦੀ ਨੁਮਾਇਸ਼ ਲਾਈ ਗਈ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਕੱਢੇ ਵਿਸ਼ਾਲ ਰੋਸ ਮਾਰਚਾ ਰਾਹੀਂ ਭਾਜਪਾ ਹਕੂਮਤ ਦੇ ਕਿਸਾਨ ਤੇ ਲੋਕ ਵਿਰੋਧੀ ਕਿਰਦਾਰ ਨੂੰ ਦੇਸ਼ ਤੇ ਦੁਨੀਆ ਦੇ ਅੰਦਰ ਉਘਾੜਿਆ ਗਿਆ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕੱਲ੍ਹ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਉਲੀਕੇ ਪ੍ਰੋਗਰਾਮ ਤੋਂ ਹਟਕੇ ਦਿੱਲੀ ਦੇ ਅੰਦਰ ਵਾਪਰੇ ਘਟਨਾਕ੍ਰਮ ਨੇ ਕਿਸਾਨ ਲਹਿਰ ਚ ਘੁਸਪੈਠ ਕਰੀ ਬੈਠੀਆਂ ਬੇਗਾਨੀਆਂ ਸ਼ਕਤੀਆਂ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਦੀਪ ਸਿੱਧੂ ਵਰਗੇ ਫਿਰਕੂ ਅਨਸਰਾਂ ਤੇ ਸਰਕਾਰੀ ਏਜੰਟਾਂ ਵੱਲੋਂ ਕਿਸਾਨ ਘੋਲ਼ ਨੂੰ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ ਹਨ। ਇਹ ਅਨਸਰ ਐਨ ਸ਼ੁਰੂ ਤੋਂ ਹੀ ਆਪਣੇ ਸੌੜੇ ਮਨੋਰਥਾਂ ਲਈ ਘੁਸੀ ਹੋਈ ਬੇਗਾਨੀ ਸ਼ਕਤੀ ਸਨ ਅਤੇ ਇਹ ਕਦੇ ਵੀ ਕਿਸਾਨ ਘੋਲ਼ ਦਾ ਅੰਗ ਨਹੀਂ ਸਨ। ਇਹਨਾਂ ਨੂੰ ਸੰਘਰਸ਼ ਅੰਦਰ ਘੁਸਪੈਠ ਦਾ ਮੌਕਾ ਮਿਲਦਾ ਰਹਿਣਾ ਅਫਸੋਸ ਨਾਕ ਸੀ। ਪਹਿਲਾਂ ਇਹਨਾਂ ਨਾਲੋਂ ਨਿਖੇੜਾ ਨਾ ਕਰ ਸਕਣ ਦੀ ਅਸਫ਼ਲਤਾ ਅਤੇ ਕੱਲ੍ਹ 26 ਜਨਵਰੀ ਨੂੰ ਇੱਕ ਛੋਟੇ ਹਿੱਸੇ ਰਿੰਗ ਰੋਡ ‘ਤੇ ਮਾਰਚ ਕਰਨ ਦਾ ਕਦਮ ਇਹਨਾਂ ਅਨਸਰਾਂ ਦੀ ਘੁਸਪੈਠ ਦਾ ਸਾਧਨ ਬਣਿਆ ਹੈ । ਰਿੰਗ ਰੋਡ ‘ਤੇ ਹੀ ਮਾਰਚ ਕਰਨ ਦੇ ਕਦਮ ਤੋਂ ਬਚਕੇ ਇਹਨਾਂ ਅਨਸਰਾਂ ਨੂੰ ਅਜਿਹਾ ਮੌਕਾ ਦੇਣ ਤੋਂ ਬਚਿਆ ਜਾ ਸਕਦਾ ਸੀ।

ਉਹਨਾਂ ਕਿਹਾ ਕਿ ਕਿਸਾਨ ਲਹਿਰ ਇਹਨਾਂ ਅਨਸਰਾਂ ਦੀ ਪਛਾਣ ਹੁੰਦੇ ਹੋਏ ਵੀ ਇਹਨਾਂ ਅਨਸਰਾਂ ਨੂੰ ਨਿਖੇੜਨ ਤੇ ਖਦੇੜਨ ਦੇ ਕੰਮ ‘ਚ ਪਛੜੀ ਹੋਈ ਸੀ, ਇਹਨਾਂ ਨੂੰ ਸੰਘਰਸ਼ ਅੰਦਰ ਘੁਸਪੈਠ ਦਾ ਮੌਕਾ ਮਿਲਦਾ ਰਹਿਣਾ ਅਫਸੋਸਨਾਕ ਸੀ।ਹੁਣ ਇਸ ਤਰ੍ਹਾਂ ਦੇ ਸਭਨਾਂ ਫਿਰਕੂ ਤੱਤਾਂ ਤੇ ਸਰਕਾਰੀ ਏਜੰਟਾਂ ਦੀ ਪਛਾਣ ਕਰਕੇ ਸੰਘਰਸ਼ ‘ਚੋਂ ਪੂਰੀ ਤਰ੍ਹਾਂ ਖਦੇੜਿਆ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਹਰ ਤਰ੍ਹਾਂ ਦੇ ਕੀਤੇ ਜਾ ਰਹੇ ਭਰਮਾਊ ਭਟਕਾਊ ਪ੍ਰਚਾਰ ਤੋਂ ਧਿਆਨ ਹਟਾਕੇ ਸੰਘਰਸ਼ ਮੰਗਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਇਹਨਾਂ ਮੰਗਾਂ ਨੂੰ ਕੇਂਦਰ ‘ਚ ਰੱਖਕੇ ਸੰਘਰਸ਼ ਪੱਖੀ ਤੇ ਬੇਗਾਨੀਆਂ ਸ਼ਕਤੀਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਹੁਣ ਹੋਰ ਕਿਸੇ ਸਰਕਾਰੀ ਏਜੰਟ ਜਾਂ ਬੇਗਾਨੀ ਸ਼ਕਤੀ ਨੂੰ ਘੁਸਪੈਠ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਸੰਘਰਸ਼ ਮੰਗਾਂ ਤੋਂ ਬਿਨਾਂ ਹੋਰ ਮੰਗਾਂ ਦੀ ਘੁਸਪੈਠ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸੰਘਰਸ਼ ਦਾ ਗੈਰ ਪਾਰਟੀ ਤੇ ਧਰਮ ਨਿਰਪੱਖ ਖ਼ਾਸਾ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਸੌੜੇ ਸਿਆਸੀ ਮੰਤਵਾਂ ਦੀ ਘੁਸਪੈਠ ਨੂੰ ਰੋਕਣ ਲਈ ਸੁਚੇਤ ਪਹਿਰੇਦਾਰੀ ਕੀਰਨੀ ਚਾਹੀਦੀ ਹੈ। ਇਹ ਪਹੁੰਚ ਹੀ ਸੰਘਰਸ਼ਸ਼ੀਲ ਪਲੇਟਫਾਰਮਾਂ ਦੀ ਸਾਂਝੀ ਤੰਦ ਬਣਦੀ ਹੈ ਜਿਸਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸੰਘਰਸ਼ ਨੂੰ ਜਿੱਤ ਤੱਕ ਪੁਚਾਉਣਾ ਚਾਹੁੰਦੀਆਂ ਜਥੇਬੰਦੀਆਂ ਦੀ ਏਕਤਾ ਮਜ਼ਬੂਤ ਕਰਨੀ ਅਤੇ ਵਿਸ਼ਾਲ ਲਾਮਬੰਦੀਆ ਦਾ ਸਿਲਸਿਲਾ ਜਾਰੀ ਰੱਖਣ ਦੇ ਰਾਹ ‘ਤੇ ਡਟੇ ਰਹਿਣਾ ਅਗਲੀ ਪੇਸ਼ਕਦਮੀ ਬਣਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਵਲੋਂ ਕਿਸਾਨ ਆਗੂ ਦਰਸ਼ਨ ਪਾਲ ਨੂੰ ਨੋਟਿਸ ਜਾਰੀ ਕਰਕੇ 3 ਦਿਨਾਂ ‘ਚ ਮੰਗਿਆ ਜਵਾਬ

ਕਿਸਾਨਾਂ ਨੇ ਪਾਰਲੀਮੈਂਟ ਕੂਚ ਕਰਨ ਦਾ ਪਲਾਨ ਕੀਤਾ ਪੋਸਟਪੋਨ, ਪੜ੍ਹੋ ਹੋਰ ਕੀ ਕੀਤੇ ਐਲਾਨ