ਚੰਡੀਗੜ੍ਹ, 13 ਜਨਵਰੀ 2021 – ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ” ਕਿਸਾਨਾ ਆ ਦਲਿੱਦਰਾ ਜਾਹ, ਮੋਦੀ ਦੀ ਜੜ੍ਹ ਚੁੱਲ੍ਹੇ ਡਾਹ” ਦੇ ਨਾਹਰਿਆਂ ਨਾਲ ਕਿਸਾਨਾਂ ਕਿਰਤੀਆਂ ਨੇ ਦੇਸ਼ ਭਰ ‘ਚ ਲੋਹੜੀ ਮਨਾਈ। ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਦੀ ਅਗਵਾਈ ਹੇਠ ਦਿੱਲੀ ਟਿਕਰੀ ਮੋਰਚੇ ਵਿੱਚ ਸੈਂਕੜੇ ਥਾਂਵਾਂ ਤੋਂ ਇਲਾਵਾ ਪੰਜਾਬ ਵਿੱਚ 16 ਜਿਲ੍ਹਿਆਂ ਦੇ 1600 ਤੋਂ ਵੱਧ ਪਿੰਡਾਂ ਵਿੱਚ ਕਈ ਕਈ ਥਾਂਈਂ ਇਸੇ ਤਰ੍ਹਾਂ ਲੋਹੜੀ ਮਨਾਈ ਗਈ।
ਸੌ ਤੋਂ ਵੱਧ ਪਿੰਡਾਂ ਵਿੱਚ ਖੇਤ ਮਜ਼ਦੂਰ “ਪੰਜਾਬ ਖੇਤ ਮਜ਼ਦੂਰ ਯੂਨੀਅਨ” ਦੇ ਝੰਡੇ ਥੱਲੇ ਅਤੇ ਬਾਕੀ ਪਿੰਡਾਂ ਵਿੱਚ ਕਿਸਾਨਾਂ ਨਾਲ ਇਕਮੁੱਠਤਾ ਵਜੋਂ ਸ਼ਾਮਲ ਹੋਏ। ਪਿੰਡਾਂ ਦੇ ਹੋਰ ਕਿਰਤੀ ਤਬਕੇ ਵੀ ਸ਼ਾਮਲ ਹੋਏ। ਬਠਿੰਡਾ, ਮੋਗਾ,ਲੰਬੀ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਮੁਲਾਜ਼ਮਾਂ, ਜਮਹੂਰੀ ਕਾਰਕੁਨਾਂ,ਕਲਾਕਾਰਾਂ ਅਤੇ ਹੋਰ ਇਨਸਾਫਪਸੰਦ ਲੋਕਾਂ ਦੁਆਰਾ ਗਠਿਤ “ਕਿਸਾਨ ਘੋਲ਼ ਸਮਰਥਨ ਕਮੇਟੀਆਂ” ਦੀ ਅਗਵਾਈ ਹੇਠ ਵੀ ਇਸੇ ਤਰ੍ਹਾਂ ਲੋਹੜੀ ਮਨਾ ਕੇ ਰੋਸ ਮਾਰਚ ਕੀਤੇ ਗਏ।
ਕਈ ਥਾਂਵਾਂ ‘ਤੇ ਕੀਤੇ ਗਏ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਮੁਹਿੰਮ ਕਮੇਟੀ ਦੇ ਆਗੂਆਂ ਜਗਤਾਰ ਸਿੰਘ ਕਾਲਾਝਾੜ,ਜਸਵਿੰਦਰ ਸਿੰਘ ਬਰਾਸ, ਚਮਕੌਰ ਸਿੰਘ ਨੈਣੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸਰੋਜ ਦਿਆਲਪੁਰਾ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ ਜਿਲ੍ਹਾ/ਬਲਾਕ/ਪਿੰਡ ਪੱਧਰੇ ਆਗੂ ਸ਼ਾਮਲ ਸਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੀ ਸ਼ਾਮਲ ਸਨ। ਬੁਲਾਰਿਆਂ ਨੇ ਮੋਦੀ ਭਾਜਪਾ ਹਕੂਮਤ ਦੇ ਕਿਸਾਨ ਮਜ਼ਦੂਰ ਵਿਰੋਧੀ ਅਤੇ ਸਾਮਰਾਜ ਕਾਰਪੋਰੇਟ ਪੱਖੀ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਐਲਾਨ ਕੀਤਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਐਲਾਨ ਕੀਤਾ ਕਿ 18 ਜਨਵਰੀ ਦੇ ਕਿਸਾਨ ਔਰਤ ਦਿਵਸ ਮੌਕੇ ਭਾਜਪਾ ਹਕੂਮਤ ਦੀਆਂ ਸਿਆਸੀ ਜੜ੍ਹਾਂ ਵਿੱਚ ਦਾਤੀ ਫੇਰਨ ਵਾਲੀਆਂ ਵਿਸ਼ਾਲ ਔਰਤ ਰੈਲੀਆਂ ਧਨੌਲਾ ਅਤੇ ਕਟਹਿੜਾ ਵਿਖੇ ਗਰੇਵਾਲ ਅਤੇ ਜਿਆਣੀ ਮੋਦੀ ਭਗਤਾਂ ਦੀਆਂ ਬਰੂਹਾਂ ‘ਤੇ ਕੀਤੀਆਂ ਜਾਣਗੀਆਂ।