- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਰਟ,
- ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ
ਸਿੰਘੂ ਬਾਰਡਰ, 9 ਜਨਵਰੀ 2021 – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਪ੍ਰੇਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਧਰਨਾ 46ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਜਥੇਬੰਦੀ ਵੱਲੋਂ ਮਤਾ ਪਾਸ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 8 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਤਿੰਨੇ ਹੀ ਖੇਤੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਰੱਦ ਨਾ ਕਰਨ ਦੀ ਗੱਲ ਕਹੀ।
ਖੇਤੀ ਮੰਤਰੀ ਦਾ ਕਹਿਣਾ ਸੀ ਕਿ ਦੇਸ ਦੀ ਬਹੁਗਿਣਤੀ ਕਿਸਾਨੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹੈ। ਕਿਸਾਨ ਆਗੂਆਂ ਨੇ ਖੇਤੀ ਮੰਤਰੀ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ ਕਿਉਕਿ ਲੱਖਾਂ ਕਿਸਾਨ-ਮਜ਼ਦੂਰ ਦਿੱਲੀ ਦੇ ਬਾਰਡਰਾਂ ਉੱਤੇ ਰਾਤ ਦਿਨ ਧਰਨਾ ਦੇ ਰਹੇ ਹਨ ਤੇ ਸਾਰਾ ਦੇਸ ਕੁਰਲਾ ਕੁਰਲਾ ਕੇ ਕਹਿ ਰਿਹਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਤਬਾਹ ਕਰ ਦੇਣਗੇ ਅਤੇ ਖਪਤਕਾਰਾਂ ਦੀ ਵੱਡੀ ਪੱਧਰ ਲੁੱਟ ਹੋਵੇਗੀ। ਖੇਤੀ ਮੰਤਰੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਸਾਨ ਕਿਹੜੇ ਹਨ ਜੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹਨ ਤਾਂ ਖੇਤੀ ਮੰਤਰੀ ਕਿਸਾਨਾਂ ਦੀ ਪਛਾਣ ਦੱਸਣ ਵਿਚ ਨਾਕਾਮ ਰਹੇ ਅਤੇ ਬੇਤੁਕੀਆਂ ਦਲੀਲਾਂ ਦਿੰਦੇ ਰਹੇ।
ਕਿਸਾਨ ਆਗੂ ਜਸਬੀਰ ਸਿੰਘ ਪਿੱਦੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਤਿੰਨੇ ਹੀ ਖੇਤੀ ਕਾਨੂੰਨ ਤੁਰੰਤ ਰੱਦ ਨਾ ਕੀਤੇ ਗਏ ਤਾਂ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸਿਉਂ ਲੱਖਾਂ ਲੋਕ ਲੱਖਾਂ ਹੀ ਟਰੈਕਟਰਾਂ ਉੱਤੇ ਸਵਾਰ ਹੋ ਕੇ ਟਰੈਕਟਰ ਮਾਰਚ ਕਰਨ ਦੀ ਤਿਆਰੀ ਜ਼ੋਰਾ ਸ਼ੋਰਾਂ ਨਾਲ ਕਰਨ।