ਲੁਧਿਆਣਾ 11 ਜੁਲਾਈ 2024 – ਪੰਜਾਬ ਐਗਰੀਕਲਚਰਲ ਯਨੀਵਰਸਿਟੀ ਲੁਧਿਆਣਾ ਨੇ ਅੱਜ ਰੂਪ ਐਗਰੀਕਲਚਰ ਵਰਕਸ ਮਾਨਸਾ ਨਾਲ ਪੀ.ਏ.ਯੂ. ਸਰਫੇਸ ਸੀਡਰ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤਾ ਕੀਤਾ| ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਰੂਪ ਐਗਰੀਕਲਚਰ ਵਰਕਸ ਵੱਲੋਂ ਸ਼੍ਰੀ ਮਨਦੀਪ ਸਿੰਘ ਨੇ ਆਪਣੇ ਅਦਾਰਿਆਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ| ਯਾਦ ਰਹੇ ਕਿ ਪੀ.ਏ.ਯੂ. ਨੇ ਪਰਾਲੀ ਨੂੰ ਖੇਤ ਵਿਚ ਸੰਭਾਲ ਕੇ ਮਿੱਟੀ ਦੀ ਸਿਹਤ ਸੰਭਾਲਣ ਲਈ ਇਸ ਤਕਨੀਕ ਦਾ ਵਿਕਾਸ ਕੀਤਾ ਹੈ| ਇਹ ਤਕਨੀਕ ਵਾਤਾਵਰਨ ਪੱਖੀ ਖੇਤੀ ਲਈ ਬੇਹੱਦ ਲਾਭਕਾਰੀ ਮੰਨੀ ਜਾ ਰਹੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਜ਼ਮੀਨ ਦੀ ਸਿਹਤ ਅਤੇ ਵਾਤਾਵਰਣ ਦੀ ਸੰਭਾਲ ਲਈ ਪੀ.ਏ.ਯੂ. ਦੇ ਯਤਨਾਂ ਦਾ ਵੇਰਵਾ ਦਿੱਤਾ| ਉਨ੍ਹਾਂ ਨੇ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕਰਨ ਲਈ ਪੀ.ਏ.ਯੂ. ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਯੂਨੀਵਰਸਿਟੀ ਸਥਿਰ ਖੇਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਆਪਣੀ ਖੇਤੀ ਖੋਜ ਨੂੰ ਲਗਾਤਾਰ ਗਤੀਸ਼ੀਲ ਰੱਖ ਰਹੀ ਹੈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਿਨਾਂ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਲਈ ਪੀ.ਏ.ਯੂ. ਸਰਫੇਸ ਸੀਡਰ ਤਕਨਾਲੋਜੀ ਨੂੰ ਇੱਕ ਸਸਤੀ ਅਤੇ ਸਟੀਕ ਵਿਧੀ ਕਿਹਾ| ਉਹਨਾਂ ਕਿਹਾ ਕਿ ਇਸ ਵਿਧੀ ਦੀ ਵਰਤੋਂ ਨਾਲ ਪਰਾਲੀ ਸਾੜੇ ਬਗੈਰ ਸਮੇਂ ਸਿਰ ਕਣਕ ਦੀ ਬਿਜਾਈ ਹੋ ਜਾਂਦੀ ਹੈ ਜਿਸ ਨਾਲ ਪਰਾਲੀ ਸੰਭਾਲਣ ਦੀ ਸਮੱਸਿਆ ਇਕ ਸੰਭਾਵਨਾ ਵਿਚ ਵਟ ਸਕਦੀ ਹੈ|
ਡਾ. ਮਹੇਸ਼ ਕੁਮਾਰ ਨਾਰੰਗ ਮੁਖੀ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਡਾ. ਹਰੀ ਰਾਮ ਮੁਖੀ ਫਸਲ ਵਿਗਿਆਨ ਵਿਭਾਗ ਅਤੇ ਫਸਲ ਵਿਗਿਆਨੀ ਅਤੇ ਡਾ. ਜਸਵੀਰ ਸਿੰਘ ਗਿੱਲ ਖੇਤੀ ਵਿਗਿਆਨੀ ਨੇ ਇਸ ਤਕਨਾਲੋਜੀ ਦੇ ਵੇਰਵੇ ਸਾਂਝੇ ਕੀਤੇ| ਉਹਨਾਂ ਕਿਹਾ ਕਿ ਸਰਫੇਸ ਸੀਡਿੰਗ ਨਾਲ ਬੀਜੀ ਕਣਕ ਦੀ ਫ਼ਸਲ ਚੰਗਾ ਝਾੜ ਦਿੰਦੀ ਹੈ, ਔਖੇ ਮੌਸਮੀ ਹਲਾਤ ਵਿਚ ਵੀ ਡਿੱਗਦੀ ਨਹੀਂ, ਇਸ ਨਾਲ ਨਦੀਨਾਂ ਦਾ ਜੰਮ ਘੱਟਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ|
ਡਾ. ਖੁਸਦੀਪ ਧਰਨੀ, ਸਹਿਯੋਗੀ ਨਿਰਦੇਸ਼ਕ ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਦੱਸਿਆ ਕਿ ਹੁਣ ਤੱਕ ਪੀ.ਏ.ਯੂ. ਨੇ ਸਰਫੇਸ ਸੀਡਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਵੱਖ-ਵੱਖ ਮਸ਼ੀਨਰੀ ਨਿਰਮਤਾਵਾਂ ਨਾਲ 24 ਸਮਝੌਤੇ ਕੀਤੇ ਹਨ ਅਤੇ ਹੋਰ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ|