ਡੀ.ਏ.ਪੀ. ਵਿੱਚ 1400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨ ਵਿਰੋਧੀ – ਰੰਧਾਵਾ

  • ਡੀ.ਏ.ਪੀ. ਵਿੱਚ ਵਾਧੇ ਨੂੰ ਐਨ.ਡੀ.ਏ. ਸਰਕਾਰ ਵੱਲੋਂ ਕਿਸਾਨਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਤੁਲ ਦੱਸਿਆ
  • ਮੋਦੀ ਸਰਕਾਰ ਨੂੰ ਬੇਤੁਕੇ ਤੇ ਨਾਕਾਬਲੇ ਬਰਦਾਸ਼ਤ ਵਾਧੇ ਨੂੰ ਤੁਰੰਤ ਵਾਪਸ ਲੈਣ ਲਈ ਆਖਿਆ

ਚੰਡੀਗੜ੍ਹ, 10 ਅਪਰੈਲ 2021 – ਪੰਜਾਬ ਦੇ ਸਹਿਕਾਰਤਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਡੀ.ਏ.ਪੀ. ਵਿੱਚ 2400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 3800 ਰੁਪਏ ਪ੍ਰਤੀ ਕੁਇੰਟਲ ਕਰਨ ਲਈ ਸਖਤ ਆਲੋਚਨਾ ਕੀਤੀ। ਉਨ੍ਹਾਂ ਇਸ ਹੱਦੋਂ ਵੱਧ ਕੀਤੇ ਵਾਧੇ ਨੂੰ ਕੇਂਦਰ ਸਰਕਾਰ ਦਾ ਇਕ ਹੋਰ ਕਿਸਾਨ ਵਿਰੋਧੀ ਕਾਰਨਾਮਾ ਦੱਸਿਆ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੀ 50 ਕਿਲੋ ਦੀ ਬੋਰੀ ਜਿਸ ਦਾ ਭਾਅ ਪਹਿਲਾ 1200 ਰੁਪਏ ਸੀ, ਹੁਣ 1900 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪ੍ਰਤੀ ਕੁਇੰਟਲ 1400 ਰੁਪਏ ਵਾਧਾ ਕੀਤਾ ਗਿਆ ਹੈ।

ਆਪਣੇ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ 1400 ਰੁਪਏ ਪ੍ਰਤੀ ਕੁਇੰਟਲ ਨੂੰ ਪੂਰੀ ਤਰ੍ਹਾਂ ਬੇਤੁਕਾ ਤੇ ਤਾਨਾਸ਼ਾਹੀ ਫੈਸਲਾ ਦੱਸਦਿਆਂ ਆਖਿਆ ਕਿ ਕੋਵਿਡ-19 ਵਿੱਚ ਆਏ ਹਾਲੀਆ ਦੂਜੇ ਸਿਖਰ ਦਰਮਿਆਨ ਕੀਤਾ ਇਹ ਵਾਧਾ ਕਿਸਾਨਾਂ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੰਦਵਾੜੇ ਕਾਰਨ ਖੇਤੀਬਾੜੀ ਖੇਤਰ ਪਹਿਲਾਂ ਹੀ ਭਰਪੂਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਇਸ ਕਿਸਾਨ ਵਿਰੋਧੀ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਰੂਪ ਵਿੱਚ ਦੋਸ਼ੀ ਠਹਿਰਾਉਂਦਿਆਂ ਸ. ਰੰਧਾਵਾ ਨੇ ਕਿਹਾ ਕਿ ਡੀ.ਏ.ਪੀ. ਦੀਆਂ ਕੀਮਤਾਂ ਵਿੱਚ ਕੀਤਾ ਅਥਾਹ ਵਾਧੇ ਕਿਸਾਨਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਬਰਾਬਰ ਹੈ ਜਿਹੜੇ ਪਹਿਲਾਂ ਹੀ ਕਾਲੇ ਖੇਤੀ ਕਾਨੂੰਨੀ ਦੀ ਮਾਰ ਝੱਲਦੇ ਹੋਏ ਆਪਣਾ ਘਰ-ਖੇਤ ਛੱਡ ਕੇ ਦਿੱਲੀ ਦੀਆਂ ਬਰੂਹਾਂ ਉਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦੇ ਜੁਮਲੇ ਨਾਲ ਸੱਤਾ ਵਿੱਚ ਆਈ ਐਨ.ਡੀ.ਏ. ਸਰਕਾਰ ਕਿਸਾਨੀ ਦਾ ਲੱਕ ਤੋੜਨ ਉਤੇ ਉਤਾਰੂ ਹੈ। ਇਸ ਵਾਧੇ ਨੂੰ ਮੂਲੋਂ ਰੱਦ ਕਰਦਿਆਂ ਸ. ਰੰਧਾਵਾ ਨੇ ਕੇਂਦਰ ਨੂੰ ਕਿਹਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਵੋ ਨਹੀਂ ਤਾਂ ਇਸ ਦਾ ਭਾਰੀ ਖਮਿਆਜ਼ਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਭੁਗਤਣਾ ਪਵੇਗਾ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਮੁੱਖ ਸਕੱਤਰ ਵੱਲੋਂ ਮੌਤ ਦਰ `ਤੇ ਕਾਬੂ ਪਾਉਣ ਲਈ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਰਕਰਨ ਦਾ ਟੀਚਾ

ਕਿਸਾਨਾਂ ਦੇ ਕੇਸ ਲੜਨ ਵਾਲੀ ਵਕੀਲਾਂ ਦੀ 150 ਮੈਂਬਰੀ ਟੀਮ ਨੇ ਰਾਜੇਵਾਲ ਦਾ ਬਿਆਨ ਮੰਦਭਾਗਾ ਦੱਸਿਆ, ਕਿਹਾ ਤੱਥ ਚੈਕ ਕਰਨ ਰਾਜੇਵਾਲ