ਫ਼ਿਰੋਜ਼ਪੁਰ 15 ਅਪ੍ਰੈਲ 2021 – ਖੇਤੀ ਬਿੱਲਾਂ ਨੂੰ ਲੈ ਕੇ ਬੀਜੇਪੀ ਮੰਤਰੀਆਂ ਤੋਂ ਬਾਅਦ ਕਿਸਾਨਾਂ ਨੇ ਹੁਣ RSS ਆਗੂ ਘੇਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਨੂੰ ਲੈ ਕੇ ਪੰਜਾਬ ਵਿੱਚ ਬੀਜੇਪੀ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅਜਿਹੀਆਂ ਹੀ ਕੁੱਝ ਤਸਵੀਰਾਂ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੀਆਂ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਰ ਐਸ ਐਸ ਆਗੂ ਰਾਮ ਗੁਪਾਲ ਵੱਲੋਂ ਖੇਤੀ ਬਿੱਲਾਂ ਦੇ ਫਾਇਦੇ ਸਮਝਾਉਣ ਲਈ ਇੱਕ ਗੁਪਤ ਮੀਟਿੰਗ ਕੀਤੀ ਜਾ ਰਹੀ ਸੀ।
ਜਿਸ ਦੀ ਭਿਣਕ ਜਥੇਬੰਦੀਆਂ ਨੂੰ ਲੱਗਣ ਤੇ ਮੌਕੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਨਸ਼ਾ ਮੁਕਤ ਕਮੇਟੀ ਮੱਲਾਂ ਵਾਲਾ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਨਾਅਰੇਬਾਜ਼ੀ ਕਰ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੜੀ ਮੁਸ਼ਕਲ ਨਾਲ ਮਾਹੌਲ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਫ਼ਿਰੋਜ਼ਪੁਰ ਵਿਚ ਆਰ ਐਸ ਐਸ ਪ੍ਰਚਾਰਕ ਰਾਮ ਗੋਪਾਲ ‘ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਰਾਮ ਗੋਪਾਲ ਨੂੰ ਤਾਂ ਕੁਝ ਨਹੀਂ ਹੋਇਆ ਲੇਕਿਨ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਪੁਲਿਸ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਸਕਿਉਰਿਟੀ ਦੀ ਮਦਦ ਨਾਲ ਰਾਮ ਗੋਪਾਲ ਨੂੰ ਸਹੀ ਸਲਾਮਤ ਉੱਥੋਂ ਭੇਜ ਦਿੱਤਾ ਗਿਆ ਸੀ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਲਗਾਤਾਰ ਬੀਜੇਪੀ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪਰ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ੍ਹਿਆ ਹੋਇਆ ਹੈ। ਇਹ ਵੀਡੀਓ ਬੀਤੀ ਕੱਲ ਦੀ ਦੱਸੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਬੀਜੇਪੀ ਦੇ ਆਗੂਆਂ ਅਤੇ ਲੀਡਰਾਂ ਦਾ ਘਿਰਾਓ ਕੀਤਾ ਜਾਏਗਾ।