ਚੰਡੀਗੜ੍ਹ, 7 ਮਾਰਚ 2021 – ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ‘ਤੇ ਕੁੱਟਮਾਰ ਦਾ ਦੋਸ਼ ਲਗਾਉਣ ਵਾਲੇ ਪਟੀਸ਼ਨਰ ਬਲਵਿੰਦਰ ਸਿੰਘ ਨੇ ਮੈਡੀਕਲ ਰਿਪੋਰਟ ਵਿੱਚ ਕੋਈ ਵੀ ਸਰੀਰਕ ਸੱਟ ਦਾ ਸਬੂਤ ਨਾ ਹੋਣ ਕਰਕੇ ਹਾਈ ਕੋਰਟ ਵਿੱਚੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।
ਬਲਵਿੰਦਰ ਸਿੰਘ ਨੇ 3 ਮਾਰਚ, 2021 ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਅਪਲੋਡ ਕਰਦਿਆਂ ਉਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਦੇ ਅਧਿਕਾਰੀਆਂ ‘ਤੇ ਮਾੜੇ ਵਿਵਹਾਰ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਇਸ ਦੇ ਸਿੱਟੇ ਵਜੋਂ ਡਾਕਟਰਾਂ ਦੇ ਬੋਰਡ ਨੇ ਕੈਦੀ ਦਾ ਡਾਕਟਰੀ ਮੁਆਇਨਾ ਕੀਤਾ ਅਤੇ ਉਸਦੀ ਮੈਡੀਕਲ ਰਿਪੋਰਟ ਵਿੱਚ ਕੁੱਟ ਮਾਰ ਸਬੰਧੀ ਕੋਈ ਸਪੱਸ਼ਟ ਸਬੂਤ ਨਹੀਂ ਮਿਲਿਆ। ਇਹ ਪਾਇਆ ਗਿਆ ਹੈ ਕਿ ਇਹ ਇਲਜ਼ਾਮ ਬੇਬੁਨਿਆਦ, ਬੇਤੁਕੇ ਸਨ ਅਤੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਯੋਜਨਾ ਤਹਿਤ ਲਗਾਏ ਗਏ ਸਨ। ਇਸ ਕਰਕੇ ਪਟੀਸ਼ਨ ਮਾਨਯੋਗ ਹਾਈ ਕੋਰਟ ਸਾਹਮਣੇ ਟਿਕ ਨਹੀਂ ਸਕੀ।
ਬਲਵਿੰਦਰ ਸਿੰਘ ਇੱਕ ਬਦਨਾਮ ਅਪਰਾਧੀ ਹੈ ਅਤੇ ਉਸ ਵਿਰੁੱਧ ਕਤਲ ਅਤੇ ਚੋਰੀ ਸਮੇਤ ਗੁੰਡਾਗਰਦੀ ਦੇ 13 ਮਾਮਲੇ ਦਰਜ ਹਨ। ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਉਸ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਂਦਾ ਰਿਹਾ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਹੈ, ”ਅਸੀਂ ਕੈਦੀਆਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜੇਲ੍ਹ ਵਿੱਚ ਰਹਿਣ ਦੌਰਾਨ ਉਨ੍ਹਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਾਉਣ ਦੇ ਯਤਨ ਕਰਦੇ ਹਾਂ।”
ਏ.ਡੀ.ਜੀ.ਪੀ. (ਜੇਲ੍ਹਾਂ) ਪ੍ਰਵੀਨ ਸਿਨਹਾ ਨੇ ਕਿਹਾ ਕਿ ਜੇਲ੍ਹ ਵਿਭਾਗ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਜੇਲ ਪ੍ਰਬੰਧਨ ਵਿੱਚ ਸੁਧਾਰਵਾਦੀ ਬਦਲਾਅ ਲਿਆਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ।