- ਵੰਡਪਾਊ ਤਾਕਤਾਂ ਨੂੰ ਪੰਜਾਬੀਆਂ ਨੇ ਨਕਾਰਿਆ
- ਪਾਰਟੀ ਦੀ ਜਿੱਤ ਨੂੰ ਦੱਸਿਆ ਲੋਕਾਂ ਦੀ ਜਿੱਤ
- 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਤਿਆਰੀਆਂ ਆਰੰਭ, ਸ਼ੁਰੂ ਹੋਵੇਗੀ ‘2022 ਲਈ ਕੈਪਟਨ’ ਮੁਹਿੰਮ
ਚੰਡੀਗੜ੍ਹ, 17 ਫਰਵਰੀ 2021 – ਪੰਜਾਬ ਪ੍ਰੇਦਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿਚ ਭਰੋਸਾ ਪ੍ਰਗਟਾਇਆ ਹੈ ਕਿਉਂਕਿ ਪੰਜਾਬ ਦੇ ਸੂਝਵਾਨ ਲੋਕ ਜਾਣਦੇ ਹਨ ਕਿ ਇਸ ਔਖੇ ਦੌਰ ਵਿਚ ਜਦ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੋਵੇ, ਕੋਵਿਡ ਕਾਰਨ ਵਿਸਵਵਿਆਪੀ ਮੰਦੀ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਹਨ ਜੋ ਸੂਬੇ ਵਿਚ ਅਮਨ ਸਾਂਤੀ ਅਤੇ ਭਾਈਚਾਰਾ ਬਣਾਈ ਰੱਖਦੇ ਹੋਏ ਰਾਜ ਨੂੰ ਵਿਕਾਸ ਦੀ ਲੀਹ ਤੇ ਅੱਗੇ ਲਿਜਾ ਸਕਦੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਇੰਨਾਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਵਿਕਾਸ ਦੇ ਏਂਜਡੇ ਤੇ ਮੋਹਰ ਲਗਾਉਂਦਿਆਂ ਸ਼ੋ੍ਰਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਨਕਾਰਾਤਮਕ ਅਤੇ ਵੰਡ ਪਾਊ ਸਿਆਸਤ ਨੂੰ ਪੂਰੀ ਤਰਾਂ ਨਾਲ ਨਕਾਰ ਦਿੱਤਾ ਹੈ। ਉਨਾਂ ਨੇ ਇੰਨਾਂ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪਾਰਟੀ ਦੀ ਆਪਣੇ ਲੋਕਾਂ ਪ੍ਰਤੀ ਜਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਪਾਰਟੀ ਅੱਜ ਤੋਂ ਹੀ ਵਿਧਾਨ ਸਭਾ ਚੋਣਾਂ 2022 ਦੀ ਤਿਆਰੀ ਪੂਰੇ ਜੋਸ਼ ਨਾਲ ਆਰੰਭ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਲਈ ਪਾਰਟੀ ਵੱਲੋਂ ‘2022 ਲਈ ਕੈਪਟਨ’ ਮੁਹਿੰਮ ਦਾ ਅਗਾਜ ਕੀਤਾ ਜਾ ਰਿਹਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਤੱਕ ਪ੍ਰਾਪਤ 104 ਸਥਾਨਕ ਸਰਕਾਰਾਂ ਦੇ ਨਤੀਜਿਆਂ ਵਿਚੋਂ 98 ਵਿਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ ਅਤੇ ਵਿਰੋਧੀ ਪਾਰਟੀਆਂ ਦਾ ਪੂਰੀ ਤਰਾਂ ਨਾਲ ਸਫਾਇਆ ਹੋ ਗਿਆ ਹੈ। ਉਨਾਂ ਨੇ ਕਿਹਾ ਕਿ ਬੇਸ਼ਕ ਲੋਕਾਂ ਕੋਲ ਕਈ ਬਦਲ ਸਨ ਪਰ ਫਿਰ ਵੀ ਲੋਕਾਂ ਨੇ ਭਾਜਪਾ, ਅਕਾਲੀ ਦਲ ਅਤੇ ਆਪ ਦੀ ਸੋਚ ਨੂੰ ਨਕਾਰ ਕੇ ਪੰਜਾਬ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਮਤਦਾਨ ਕੀਤਾ ਹੈ ਜਿਸ ਲਈ ਪਾਰਟੀ ਰਾਜ ਦੇ ਸੂਝਵਾਨ ਵੋਟਰਾਂ ਦੀ ਧੰਨਵਾਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਰਾਜ ਦੀ ਆਰਥਿਕ ਨਾਕੇਬੰਦੀ ਕਰਕੇ ਅਤੇ ਰੇਲਾਂ ਰੋਕ ਕੇ ਸ਼ਹਿਰੀ ਅਤੇ ਦਿਹਾਤੀ ਅਬਾਦੀ ਵਿਚ ਪਾੜਾ ਪਾਉਣ ਦਾ ਯਤਨ ਕੀਤਾ ਸੀ ਪਰ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਪੂਰੀ ਤਰਾਂ ਨਾਲ ਇੱਕਜੁੱਟ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਦੇ ਸੁਨੇਹੇ ਨੂੰ ਗੰਭੀਰਤਾ ਨਾਲ ਸਮਝ ਲੈਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਕਿਸੇ ਦੀ ਮਨ ਕੀ ਬਾਤ ਨਹੀਂ ਸੁਣਦਾ ਬਲਕਿ ਸਭ ਨੂੰ ਇਸਦੀ ਗੱਲ ਸੁਣਨੀ ਪੈਣੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਲੋਕਤਾਂਤਰਿਕ ਤਰੀਕੇ ਨਾਲ ਭਾਜਪਾ ਨੂੰ ਸੱਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਆਪਣਾ ਹੰਕਾਰ ਛੱਡੇ ਅਤੇ ਲੋਕਾਂ ਦੀ ਅਵਾਜ ਸੁਣ ਕੇ ਆਪਣੀਆਂ ਨੀਤੀਆਂ ਬਣਾਵੇ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇੰਨਾਂ ਚੋਣਾਂ ਵਿਚ ਜਿੱਥੇ ਲੋਕਾਂ ਨੇ ਆਪ ਨੂੰ ਵੀ ਰੱਦ ਕੀਤਾ ਹੈ ਉਥੇ ਹੀ ਉਨਾਂ ਨੇ ਕਿਹਾ ਕਿ ਇਸ ਵਿਚ ਵੀ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਅੱਡ ਹੋਣ ਦਾ ਡਰਾਮਾ ਕਰਨ ਵਾਲੀ ਭਾਜਪਾ ਤੇ ਅਕਾਲੀ ਦਲ ਮੁੜ ਇਕਜੁੱਟ ਹੋ ਜਾਣ। ਉਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀਆਂ ਨੀਤੀਆਂ ਵਿਚ ਕੋਈ ਫਰਕ ਨਹੀਂ ਹੈ ਅਤੇ ਇਸੇ ਲਈ ਭਾਜਪਾ ਤੋਂ ਅੱਡ ਹੋਣ ਤੋਂ ਬਾਅਦ ਵੀ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਆਪ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਵੱਧਦੀ ਮਹਿੰਗਾਈ ਖਿਲਾਫ ਮੁੰਹ ਖੋਲ ਰਹੀਆਂ ਹਨ। ਉਨਾਂ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਇਹ ਤਿੰਨੋਂ ਪਾਰਟੀਆਂ ਇਕਮਿਕ ਹਨ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ਨੇ ਟਿਕਟਾਂ ਦੀ ਸੂਚਾਰੂ ਵੰਡ ਲਈ ਸਟੇਟ ਇਲੈਕਸ਼ਨ ਕਮੇਟੀ ਸ: ਲਾਲ ਸਿੰਘ ਦੀ ਅਗਵਾਈ ਵਿਚ ਬਣਾਈ ਜਿਸ ਨੇ ਸਹੀ ਉਮੀਦਵਾਰਾਂ ਦੀ ਚੋਣ ਕੀਤੀ। ਉਨਾਂ ਨੇ ਸਟੇਟ ਇਲੈਕਸ਼ਨ ਕਮੇਟੀ ਤੇ ਚੇਅਰਮੈਨ ਅਤੇ ਮੈਂਬਰਾਂ ਅਤੇ ਵੱਖ ਵੱਖ ਜ਼ਿਲਿਆਂ ਲਈ ਤਾਇਨਾਤ ਕੀਤੇ ਨਿਗਰਾਨਾਂ ਨੂੰ ਵੀ ਵਧਾਈ ਦਿੱਤੀ ਜਿੰਨਾਂ ਨੇ ਇਨਾਂ ਚੋਣਾਂ ਵਿਚ ਪਾਰਟੀ ਜਿੱਤ ਲਈ ਜੀਅ ਜਾਨ ਨਾਲ ਕੰਮ ਕੀਤਾ।
ਇਸ ਮੌਕੇ ਉਨਾਂ ਨੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੂੰ ਮੁੜ ਖੇਤੀ ਕਾਨੂੰਨਾਂ ਤੇ ਚਰਚਾ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਉਹ ਸੰਵਾਦ ਵਿਚ ਵਿਸਵਾਸ਼ ਰੱਖਦੇ ਹਨ। ਇਸ ਮੌਕੇ ਉਨਾਂ ਨਾਲ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਢਿੱਲੋਂ ਵੀ ਹਾਜਰ ਸਨ।