ਐਸ ਏ ਐਸ ਨਗਰ /ਜ਼ੀਰਕਪੁਰ, 25 ਫ਼ਰਵਰੀ 2021 – ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਕ ਵਿਅਕਤੀ ਨੂੰ ਅਸਲੇ ਦੇ ਜਾਅਲੀ ਪੁਰਜ਼ੇ ਬਣਾ ਕੇ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਥਾਣਾ ਮੁਖੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 809 ਸੈਕਟਰ 38 ਏ ਵੱਖ ਵੱਖ ਹਥਿਆਰਾਂ ਦੇ ਜਾਅਲੀ ਪੁਰਜ਼ੇ ਅਤੇ ਦੇਸੀ ਕੱਟੇ ਬਣਾ ਕੇ ਵੱਖ ਵੱਖ ਸ਼ਹਿਰਾਂ ਵਿਚ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਹੈ ਅਤੇ ਅੱਜ ਵੀ ਨਰਿੰਦਰ ਸਿੰਘ ਆਪਣੀ ਕਾਰ ਐਚਆਰ 03- ਡੀ – 1226 ਤੇ ਸਵਾਰ ਹੋ ਕੇ ਵੱਖ ਵੱਖ ਹਥਿਆਰਾਂ ਦੇ ਪੁਰਜ਼ੇ ਸਪਲਾਈ ਕਰਨ ਆ ਰਿਹਾ ਹੈ। ਜਿਸ ਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਨਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਪੁਲਿਸ ਨੇ ਨਰਿੰਦਰ ਕੁਮਾਰ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 805 ਮੈਗਜ਼ੀਨ ਅਤੇ ਮੈਗਜ਼ੀਨ ਦੇ ਕੇਸ ਤੋਂ ਇਲਾਵਾ 45 ਪਲਾਸਟਿਕ ਦੇ ਮੈਗਜ਼ੀਨ ਕਬਰ ਬਰਾਮਦ ਹੋਏ। ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।