- ਕੁਲੰਵਤ ਸਿੰਘ ਬਾਠ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ : ਹਰਵਿੰਦਰ ਸਿੰਘ ਕੇ ਪੀ
ਨਵੀਂ ਦਿੱਲੀ, 2 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਜਪਾ ਵੱਲੋਂ ਆਪਣੇ ਗੁੰਡਿਆਂ ਰਾਹੀਂ ਕਮੇਟੀ ਦੇ ਦਫਤਰ ‘ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਜੁਆਇਟ ਸਕੱਤਰ ਹਰਵਿੰਦਰ ਸਿੰਘ ਕੇ ਪੀ ਨੇ ਕਿਹਾ ਕਿ ਭਾਜਪਾ ਇਸ ਹੱਦ ਤੱਕ ਡਿੱਗ ਗਈ ਹੈ ਕਿ ਗੁੰਡਿਆਂ ਨੁੰ ਕਮੇਟੀ ਦਫਤਰ ‘ਤੇ ਕਬਜ਼ਾ ਕਰਨ ਵਾਸਤੇ ਭੇਜ ਰਹੀ ਹੈ।
ਉਹਨਾਂ ਕਿਹਾ ਕਿ ਕੁਲਵੰਤ ਸਿੰਘ ਬਾਠ ਆਪਣੇ ਆਪ ਨੁੰ ਕਮੇਟੀ ਦਾ ਮੀਤ ਪ੍ਰਧਾਨ ਕਹਿੰਦਾ ਹੈ ਜਦਕਿ ਅਸਲੀਅਤ ਇਹ ਹੈ ਕਿ ਕੁਝ ਮਹੀਨਿਆਂ ਪਹਿਲਾਂ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟਿਆ ਸੀ ਤਾਂ ਇਸ ਵਿਅਕਤੀ ਨੇ ਆਪ ਹੀ ਅਸਤੀਫਾ ਦਿੱਤਾ ਸੀ ਤੇ ਕਿਹਾ ਸੀ ਕਿ ਭਾਜਪਾ ਹਾਈ ਕਮਾਂਡ ਨੇ ਆਦੇਸ਼ ਦਿੱਤਾ ਹੈ ਕਿ ਸਾਡਾ ਅਕਾਲੀ ਦਲ ਨਾਲ ਗਠਜੋੜ ਟੁੱਟ ਗਿਆ ਹੈ, ਇਸ ਲਈ ਅਹੁਦੇ ‘ਤੇ ਬਣੇ ਰਹਿਣਾ ਠੀਕ ਨਹੀਂ ਤੇ ਇਸ ਲਈ ਮੈਂ ਅਸਤੀਫਾ ਦਿੰਦਾ ਹਾਂ।
ਉਹਨਾਂ ਕਿਹਾ ਕਿ ਇਹ ਗੱਲਾਂ ਜੱਗ ਜਾਹਰ ਹਨ ਜੋ ਮੀਡੀਆ ਵਿਚ ਵੀ ਆਈਆਂ ਤੇ ਸੋਸ਼ਲ ਮੀਡੀਆ ‘ ਤੇ ਵੀ ਆਈਆਂ ਸਨ। ਉਹਨਾਂ ਕਿਹਾ ਕਿ ਅੱਜ ਕੁਲਵੰਤ ਸਿੰਘ ਬਾਠ ਨੇ ਪਰਮਜੀਤ ਸਿੰਘ ਰਾਣਾ ਕੌਂਸਲਰ ਭਾਜਪਾ ਨਾਲ ਰਲ ਕੇ ਕਮੇਟੀ ਦੇ ਦਫਤਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਬੇਹੱਦ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਇਹਨਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਦੁਬਾਰਾ ਜਾ ਕੇ ਕਮੇਟੀ ਦਫਤਰ ‘ਤੇ ਕਬਜ਼ਾ ਕੀਤਾ ਜਾਵੇ ਅਤੇ ਚਲਦੇ ਹੋਏ ਪ੍ਰਬੰਧ ਤੇ ਸੇਵਾਵਾਂ ਵਿਚ ਖਲਲ ਪਾਇਆ ਜਾਵੇ।
ਉਹਨਾਂ ਕਿਹਾ ਕਿ ਭਾਜਪਾ ਨੇ ਇਹ ਸਭ ਕੁਝ ਇਸ ਵਾਸਤੇ ਕੀਤਾ ਕਿਉਂਕਿ ਉਸ ਤੋਂ ਸਿੱਖ ਕੌਮ ਦੀ ਚੜਦੀਕਲਾ ਬਰਦਾਸ਼ਤ ਨਹੀਂ ਹੋ ਰਹੀ ਤੇ ਇਹ ਵੇਖਿਆ ਨਹੀਂ ਜਾ ਰਿਹਾ ਕਿ ਸਿੱਖ ਕੌਮ ਕਿਵੇਂ ਕੋਰੋਨਾ ਕਾਲ ਵਿਚ ਲੋਕਾਂ ਦੀ ਸੇਵਾ ਕਰ ਰਹੀ ਹੈ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਭਾਜਪਾ ਦੀ ਇਸ ਘਟੀਆ ਕਰਤੂਤ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਇਹ ਸਪਸ਼ਟ ਕਰਦੀ ਹੈ ਕਿ ਭਾਜਪਾ ਤੇ ਇਸਦੇ ਗੁੰਡਿਆਂ ਨੁੰ ਕਮੇਟੀ ਦਫਤਰ ‘ਤੇ ਕਬਜ਼ਾ ਕਰਨ ਦੀ ਕਿਸੇ ਸੂਰਤ ਅੰਦਰ ਆਗਿਆ ਨਹੀਂ ਦਿੱਤੀ ਜਾਵੇਗੀ।