ਫਿਰੋਜ਼ਪੁਰ 20 ਜੂਨ 2021 – ਗੈਂਗਸਟਰ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਨੂੰ ਘਰ ਵਿੱਚ ਹੀ ਰੱਖਣ ਦੇ ਪਰਿਵਾਰ ਦੇ ਫ਼ੈਸਲੇ ਅੱਗੇ ਆਖ਼ਿਰਕਾਰ ਜ਼ਿਲ੍ਹਾ ਪ੍ਰਸ਼ਾਸਨ ਝੁਕਦਾ ਦਿਖਾਈ ਦੇ ਰਿਹਾ ਹੈ ਅਤੇ ਹੁਣ ਜਿਲ੍ਹਾ ਪ੍ਰਸ਼ਾਸਨ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਘਰ ਵਿੱਚ ਹੀ ਉਸਦੀ ਮ੍ਰਿਤਕ ਦੇਹ ਨੂੰ ਵੱਡੇ ਡੀ-ਫਰਿਜ਼ਰ ਵਿੱਚ ਰੱਖਣ ਦਾ ਇੰਤਜ਼ਾਮ ਕਰ ਦਿੱਤਾ ਹੈ।
ਬੀਤੀ 21 ਜੂਨ ਦੀ ਦੇਰ ਸ਼ਾਮ ਨੂੰ ਗੈਂਗਸਟਰ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਲਈ ਸਰਕਾਰੀ ਹਸਪਤਾਲ ਵਿਚੋਂ ਵੱਡਾ ਡੀ-ਫਰੀਜ਼ਰ ਲਿਆ ਕੇ ਉਸਦੇ ਘਰ ਰੱਖ ਦਿੱਤਾ ਗਿਆ ਹੈ ਜਿਸ ਵਿੱਚ ਹੁਣ ਉਸ ਦੀ ਦੇਹ ਪ੍ਰਿਜ਼ਰਵ ਕਰਕੇ ਰੱਖੀ ਦਿੱਤੀ ਗਈ ਹੈ। ਇਸ ਲਈ ਬਕਾਇਦਾ ਤਿੰਨ ਡਾਕਟਰਾਂ ਦੀ ਟੀਮ ਬਣਾਈ ਗਈ ਹੈ ਜਿਸ ਨੂੰ ਲੀਡ ਫ਼ਿਰੋਜ਼ਪੁਰ ਦੇ ਐਸਐਮਓ ਡਾ ਗੁਰਾਇਆ ਕਰਨਗੇ।
ਇਹ ਜੋ ਮੈਡੀਕਲ ਟੀਮ ਬਣਾਈ ਗਈ ਹੈ ਇਸ ਵੱਲੋਂ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਅਤੇ ਕੈਮੀਕਲ ਲਗਾ ਕੇ ਡੀ ਫਰੀਜ਼ਰ ਵਿੱਚ ਰੱਖਿਆ ਜਾ ਰਿਹਾ ਹੈ ਜਿਸ ਨਾਲ ਉਸਦੀ ਬਾਡੀ ਪੋਸਟਮਾਰਟਮ ਦੁਬਾਰਾ ਹੋਣ ਤੱਕ ਜਾਂ ਨਵੇਂ ਆਦੇਸ਼ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਉਂਦੇ ਹਨ ਉਦੋਂ ਤੱਕ ਉਸ ਨੂੰ ਸੰਭਾਲ ਕੇ ਰੱਖਿਆ ਜਾ ਸਕੇ।

ਜਿਸ ਫ੍ਰੀਜ਼ਰ ਵਿਚ ਜੈਪਾਲ ਭੁੱਲਰ ਦੀ ਡੈੱਡ ਬਾਡੀ ਰੱਖੀ ਗਈ ਹੈ ਉਸ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਇਸ ਦੀ ਫਰੀਜ਼ਰ ਦੀ ਨਿਗਰਾਨੀ ਲਈ ਬਕਾਇਦਾ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਅਤੇ ਇਕ ਸਿਹਤ ਵਿਭਾਗ ਦਾ ਕਰਮਚਾਰੀ ਡੀ ਫਰੀਜ਼ਰ ਦੀ ਨਿਗਰਾਨੀ ਕਰੇਗਾ ਤਾਂ ਕੀ ਪ੍ਰਿਜ਼ਰਵ ਕਰਨ ਤੋਂ ਬਾਅਦ ਮ੍ਰਿਤਕ ਦੇਹ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਾ ਕੀਤੀ ਜਾ ਸਕੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤ ਜੈਪਾਲ ਭੁੱਲਰ ਦੀ ਦੇਹ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੋਰਚਰੀ ਵਿਚ ਰੱਖਣ ਲਈ ਕਿਹਾ ਗਿਆ ਸੀ। ਜਿਸ ਤੋਂ ਪਰਿਵਾਰ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਮ੍ਰਿਤਕ ਦੇਹ ਨੂੰ ਜਾਂ ਤਾਂ ਪੀਜੀਆਈ ਵਿੱਚ ਯਾ ਏਮਜ਼ ਵਿੱਚ ਹੀ ਰੱਖਿਆ ਜਾਏਗਾ ਨਹੀਂ ਤਾਂ ਉਸ ਨੂੰ ਘਰ ਵਿੱਚ ਹੀ ਰੱਖਿਆ ਜਾਏਗਾ। ਹੁਣ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੇ ਸਭ ਦੀ ਨਿਗ੍ਹਾ ਟਿਕੀ ਹੈ ਅਤੇ ਅਗਲੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
