ਨਵੀਂ ਦਿੱਲੀ, 5 ਮਾਰਚ 2022 – ਰੂਸ-ਯੂਕਰੇਨ ਜੰਗ ਦਾ ਅੱਜ 10ਵਾਂ ਦਿਨ ਹੈ। ਇਸ ਵਿਚਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਕਮ ਜਾਰੀ ਕੀਤੇ ਹਨ ਕੇ ਰੂਸੀ ਫੌਜ ‘ਤੇ “ਜਾਅਲੀ ਖ਼ਬਰਾਂ” ਚਲਾਉਣ ਵਾਲੇ ਖਿਲਾਫ ਸਖਤ ਕਰਵਾਈ ਹੋਵੇਗੀ। ਇਸ ਦੇ ਲਈ ਪੁਤਿਨ ਨੇ ਇਕ ਕਾਨੂੰਨ ‘ਤੇ ਦਸਤਖਤ ਕੀਤੇ ਹਨ ਜਿਸ ਅਨੁਸਾਰ ਦੋਸ਼ੀ ਨੂੰ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਇਸ ਤੋਂ ਬਿਨਾ ਪੁਤਿਨ ਨੇ ਇਕ ਹੋਰ ਬਿੱਲ ‘ਤੇ ਵੀ ਦਸਤਖਤ ਕੀਤੇ ਹਨ ਜੋ ਰੂਸ ਦੇ ਖਿਲਾਫ ਪਾਬੰਦੀਆਂ ਦੀ ਮੰਗ ਕਰਨ ਲਈ ਤਿੰਨ ਸਾਲ ਤੱਕ ਜੁਰਮਾਨਾ ਜਾਂ ਕੈਦ ਦੀ ਸਜ਼ਾ ਹੋਵੇਗੀ।
ਇਸ ਤੋਂ ਬਿਨਾ ਫੇਸਬੁੱਕ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਰੂਸ ਨੇ ਦੇਸ਼ ‘ਚ ਫੇਸਬੁੱਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਰੂਸ ਦੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਨੇ ਫੇਸਬੁੱਕ ‘ਤੇ ਰੂਸੀ ਮੀਡੀਆ ਨਾਲ ਭੇਦਭਾਵ ਕਰਨ ਦਾ ਦੋਸ਼ ਲਗਾਇਆ ਹੈ। ਦਿ ਕੀਵ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਰੂਸੀ ਸਰਕਾਰ ਦੀ ਸੈਂਸਰਸ਼ਿਪ ਏਜੰਸੀ ਨੇ ਫੇਸਬੁੱਕ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਰੂਸ ‘ਤੇ ਲੱਖਾਂ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ ਹੈ। ਫੇਸਬੁੱਕ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਰੂਸ ਨੇ ਟਵਿਟਰ ‘ਤੇ ਵੀ ਕਾਰਵਾਈ ਕੀਤੀ ਹੈ। ਰੂਸ ਵਿਚ ਟਵਿੱਟਰ ਦੀ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।