ਰਾਏਪੁਰ, 4 ਅਪ੍ਰੈਲ – ਬੀਤੇ ਕੱਲ੍ਹ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੇ ਸਰਹੱਦੀ ਖੇਤਰ ‘ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ 15 ਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। 23 ਜ਼ਖਮੀ ਜਵਾਨ ਬੀਜਾਪੁਰ ਤੇ 7 ਰਾਏਪੁਰ ਦੇ ਹਸਪਤਾਲਾਂ ਵਿਚ ਭਰਤੀ ਕਰਾਏ ਗਏ ਹਨ। ਸ਼ਨੀਵਾਰ ਕਰੀਬ ਤਿੰਨ ਘੰਟੇ ਤਕ ਚੱਲੇ ਮੁਕਾਬਲੇ ‘ਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ ਤੇ 32 ਹੋਰ ਜ਼ਖ਼ਮੀ ਹੋਏ ਹਨ। ਛੱਤੀਸਗੜ੍ਹ ਪੁਲਿਸ ਨੇ 9 ਨਕਸਲੀਆਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਹੈ।
ਸੂਬੇ ਦੇ ਨਕਸਲ ਵਿਰੋਧੀ ਅਭਿਆਨ ਦੇ ਡੀਜੀਪੀ ਓਪੀ ਲਾਲ ਨੇ ਦੱਸਿਆ ਕਿ ਮੁਕਾਬਲੇ ‘ਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ ਹਨ ਤੇ 12 ਹੋਰ ਜ਼ਖ਼ਮੀ ਹੋਏ ਹਨ। ਪਾਲ ਨੇ ਦੱਸਿਆ ਸ਼ੁੱਕਰਵਾਰ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕੋਬਰਾ ਬਟਾਲੀਅਨ, ਡੀਆਰਜੀ ਤੇ ਐਸਟੀਐਫ ਦੇ ਸੰਯੁਕਤ ਦਲ ਨੂੰ ਨਕਸਲ ਵਿਰੋਧੀ ਅਭਿਆਨ ‘ਚ ਰਵਾਨਾ ਕੀਤਾ ਗਿਆ।