ਬਰਨਾਲਾ, 26 ਫਰਵਰੀ 2021 – ਬਰਨਾਲਾ ਜ਼ਿਲ੍ਹੇ ਵਿੱਚ ਇੱਕ 22 ਸਾਲਾ ਦੀ ਲੜਕੀ ਨੂੰ ਬੰਦੀ ਬਣਾ ਕੇ ਲਗਾਤਾਰ 8 ਮਹੀਨੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 22 ਸਾਲਾ ਲੜਕੀ ਨੇ ਇਲਜ਼ਾਮ ਲਾਏ ਹਨ ਕਿ ਲਗਾਤਾਰ 8 ਮਹੀਨੇ ਉਸ ਨਾਲ ਬਲਾਤਕਾਰ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਮਾਮਲੇ ਵਿੱਚ 2 ਔਰਤਾਂ ਸਮੇਤ ਕੁੱਲ 7 ਲੋਕਾਂ ’ਤੇ ਪਰਚਾ ਦਰਜ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਮਾਮਲੇ ਵਿੱਚ ਜਾਂਚ ਕਰਨ ਵਾਲੇ 3 ਥਾਣੇਦਾਰਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ’ਤੇ ਪੀੜਤਾ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲੱਗੇ ਹਨ। ਪੀੜਤ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾ ਕੇ ਮੈਡੀਕਲ ਕਰਵਾਉਣ ਉਪਰੰਤ ਮੈਜਿਸਟ੍ਰੇਟ ਵਲੋਂ ਬਿਆਨ ਦਰਜ ਕੀਤੇ ਗਏ ਹਨ। ਪੀੜਤ ਲੜਕੀ ਅਤੇ ਉਸਦੇ ਪਰਿਵਾਰ ਵਲੋਂ ਦੋਸ਼ੀਆਂ ਵਿਰੁੱਧ ਸ਼ਖਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਪੀੜਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜੂਨ 2020 ਨੂੰ ਫ਼ੋਟੋ ਸਟੇਟ ਕਰਵਾਉਣ ਘਰ ਤੋਂ ਗਈ ਸੀ। ਇਸੇ ਦੌਰਾਨ ਉਹਨਾਂ ਦੇ ਘਰ ਕਿਰਾਏ ’ਤੇ ਰਹਿਣ ਵਾਲੀ ਔਰਤ ਆਪਣੀ ਭਾਬੀ ਦੇ ਘਰ ਉਸਨੂੰ ਆਪਣੇ ਨਾਲ ਲੈ ਗਈ। ਜਿੱਥੇ ਇੱਥੇ ਇੱਕ ਪਾਖੰਡੀ ਬਾਬੇ ਸਮੇਤ 20 ਤੋਂ 25 ਵਿਅਕਤੀ ਹਾਜ਼ਰ ਸਨ। ਉਥੇ ਉਸਨੂੰ ਕੋਕਾਕੋਲਾ ਵਿੱਚ ਕੁੱਝ ਨਸ਼ੀਲਾ ਪਦਾਰਥ ਪਿਲਾ ਦਿੱਤਾ। ਜਿਸਤੋਂ ਬਾਅਦ ਉਸਦਾ ਸਰੀਰ ਸੁੰਨ ਹੋ ਗਿਆ। ਇਸਤੋਂ ਬਾਅਦ ਪਾਖੰਡੀ ਬਾਬੇ ਸਮੇਤ ਹੋਰ ਕਈ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।
ਜਿਸ ਉਪਰੰਤ ਉਹ ਉਸਨੂੰ ਬਰਨਾਲਾ ਦੇ ਪਿੰਡ ਪੰਧੇਰ ਲੈ ਗਏ, ਜਿੱਥੇ ਉਸਨੂੰ ਕੈਦ ਕਰਕੇ ਰੱਖਿਆ ਗਿਆ। ਉਥੇ ਉਸਨੂੰ ਮਿਲਣ ਪੁਲਿਸ ਮੁਲਾਜ਼ਮ ਵੀ ਆਉਂਦੇ ਸਨ। ਜੋ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਇਸ ਦੌਰਾਨ ਉਸਨੂੰ ਟੀਕੇ ਵਗੈਰਾ ਲਗਾ ਕੇ ਵੀ ਬੇਹੋਸ਼ ਰੱਖਿਆ ਜਾਂਦਾ ਸੀ। ਇਸ ਉਪਰੰਤ ਧੂਰੀ ਲਿਜਾਇਆ ਅਤੇ ਉਸਤੋਂ ਬਾਅਦ ਬਠਿੰਡਾ ਲੈ ਗਏ। ਇਸ ਦੌਰਾਨ ਉਸਨੂੰ 3 ਲੱਖ ਰੁਪਏ ’ਚ ਵੇਚਣ ਦਾ ਸੌਦਾ ਵੀ ਕੀਤਾ। ਇਸ ਸਾਰੀ ਘਟਨਾ ਵਿੱਚੋਂ ਉਹ ਬਹੁਤ ਮੁਸ਼ਕਿਲ ਨਾਲ ਨਿਕਲ ਸਕੀ। ਉਹਨਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਧਰ ਇਸ ਸਬੰਧੀ ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਵਿੱਚ 10 ਜੁਲਾਈ 2020 ਵਿੱਚ ਇੱਕ ਮਾਮਲਾ ਪੀੜਤ ਲੜਕੀ ਦੀ ਮਾਤਾ ਦੇ ਬਿਆਨ ’ਦੇ ਦਰਜ਼ ਕੀਤਾ ਗਿਆ ਸੀ। ਜਿਸ ਵਿੱਚ ਪੀੜਤਾ ਦੀ ਮਾਤਾ ਨੇ ਕਿਰਾਏਦਾਰ ਔਰਤ ’ਤੇ ਉਹਨਾਂ ਦੀ ਲੜਕੀ ਨੂੰ ਕਿਡਨੈਪ ਕਰਨ ਦੇ ਦੋਸ਼ ਲਗਾਏ ਗਏ ਸਨ। ਜਿਸ ਉਪਰੰਤ ਕਿਰਾਏਦਾਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਉਪਰੰਤ ਚੱਲਦੀ ਜਾਂਚ ਦੌਰਾਨ 28 ਜੁਲਾਈ 2020 ਨੂੰ ਲੜਕੀ ਨੇ ਮਾਨਯੋਗ ਮੈਜਿਸਟ੍ਰੇਟ ਕੋਲ ਬਿਆਨ ਦਰਜ਼ ਕਰਵਾਏ ਸਨ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਰਹਿਣਾ ਚਾਹੁੰਦੀ ਹੈ। ਜਿਸਤੋਂ ਬਾਅਦ ਕੇਸ ਦੀ ਕਾਰਵਾਈ ਰੁਕ ਗਈ। ਪਰ 23 ਫ਼ਰਵਰੀ ਨੂੰ ਪੁਲਿਸ ਵਲੋਂ ਸਰਕਾਰੀ ਹਸਪਤਾਲ ਤੋਂ ਰੁੱਕਾ ਪਹੁੰਚਿਆ ਅਤੇ ਪੀੜਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ।
ਇਸ ਸਾਰੇ ਮਾਮਲੇ ਨੂੰ ਐਸਐਸਪੀ ਬਰਨਾਲਾ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਉਪਰੰਤ ਪੀੜਤਾ ਦੇ ਮਾਨਯੋਗ ਮੈਜਿਸਟ੍ਰੇਟ ਨੂੰ ਬਿਆਨ ਦਵਾਏ ਗਏ। ਇਹਨਾਂ ਬਿਆਨਾਂ ਵਿੱਚ ਲੜਕੀ ਵਲੋਂ ਗੰਭੀਰ ਦੋਸ਼ ਲਗਾਏ ਗਏ ਹਨ ਕਿ ਉਸਦਾ ਧੱਕੇ ਨਾਲ ਵਿਆਹ ਕਰਕੇ ਬਲਾਤਕਾਰ ਕੀਤਾ ਗਿਆ। ਇਸਦੇ ਨਾਲ ਹੀ 3 ਥਾਣੇਦਾਰਾਂ ’ਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਗਏ। ਜਿਸ ਉਪਰੰਤ ਇਸ ਮਾਮਲੇ ਵਿੱਚ 2 ਔਰਤਾਂ ਸਮੇਤ ਕੁੱਲ 7 ਲੋਕਾਂ ’ਦੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ। ਇਸਤੋਂ ਇਲਾਵਾ 3 ਥਾਣੇਦਾਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਡੀਐਸਪੀ ਬਰਨਾਲਾ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਪੱਖ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।