ਆਮ ਆਦਮੀ ਪਾਰਟੀ ਵੱਲੋਂ ਵੱਡਾ ਐਲਾਨ ਹੋਇਆ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਸਾਰੀਆਂ ਸੀਟਾਂ ‘ਤੇ ਪਾਰਟੀ ਚੋਣ ਲੜੇਗੀ। ਆਮ ਆਦਮੀ ਪਾਰਟੀ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਤਰੇਗੀ ਇੱਥੇ ਪਾਰਟੀ ਇੱਕ ਵੱਡੇ ਧਿਰ ਵਜੋਂ ਉਭਰਨ ਪ੍ਰਤੀ ਆਸਵੰਦ ਹੈ। ਇਸ ਦਾ ਐਲਾਨ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਚੰਡੀਗੜ੍ਹ ਦੇ ਸੀਨੀਅਰ ਆਗੂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾ ਅਤੇ ਪ੍ਰਦੀਪ ਛਾਬੜਾ ਨੇ ਕੀਤਾ।
ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਨੇ ਦੱਸਿਆ ਕਿ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਦੌਰਾਨ ਚੰਡੀਗੜ੍ਹ ਵਿੱਚ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਚੰਡੀਗਡ੍ਹ ਵਿੱਚ ਆਪਣਾ ਸੰਗਠਨ ਖੜਾ ਕਰਨ ਲਈ ਯਤਨਸ਼ੀਲ ਸੀ ਅਤੇ ਹੁਣ ਸੰਗਠਨ ਲਗਭਗ ਪੂਰਾ ਹੋ ਚੁੱਕਿਆ ਹੈ, ਜਿਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਚੰਡੀਗੜ੍ਹ ਵਿੱਚ ਭਾਜਪਾ ਨਾਲ ਸਬੰਧਿਤ ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਅਣਗੌਲਿਆ ਕੀਤਾ ਗਿਆ।
ਇਸ ਸੁੰਦਰ ਸ਼ਹਿਰ ਨੂੰ ਗੰਦਗੀ ਨਾਲ ਭਰਿਆ ਸ਼ਹਿਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗਡ੍ਹ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕ ਹੁਣ ਸੱਤਾ ਪਰਿਵਰਤਨ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਚੰਡੀਗਡ੍ਹ ਦੇ ਲੋਕਾਂ ਕੋਲ ਇਕ ਵਿਕਲਪ ਹੈ ਅਤੇ ਉਹ ਇਸ ਵਾਰ ਇਮਾਨਦਾਰ ਲੋਕਾਂ ਨੂੰ ਸੱਤਾ ਵਿੱਚ ਲਿਆਉਣਗੇ। ਇਸ ਮੌਕੇ ਬੋਲਦਿਆਂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾ ਅਤੇ ਪਰਦੀਪ ਛਾਬੜਾ ਨੇ ਕਿਹਾ ਕਿ ਕਿਸੇ ਸਮੇਂ ਚੰਡੀਗੜ੍ਹ ਉੱਤਰ ਭਾਰਤ ਵਿੱਚ ਆਪਣਾ ਇੱਕ ਖਾਸ ਥਾਂ ਰੱਖਦਾ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਅਤੇ ਭਾਜਪਾ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਜਿਸ ਕਾਰਨ ਸਾਫ ਸਫਾਈ ਤੋਂ ਲੈ ਕੇ ਟੈਕਸ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੰਬੇ ਸਮੇਂ ਤਕ ਚੰਡੀਗਡ੍ਹ ਨਗਰ ਨਿਗਮ ਉੱਤੇ ਕਬਜਾ ਰੱਖਿਆ ਅਤੇ ਲੋਕ ਸਭਾ ਵਿੱਚ ਵੀ ਪਵਨ ਕੁਮਾਰ ਬਾਂਸਲ ਜਿੱਤਦੇ ਰਹੇ ਪ੍ਰੰਤੂ ਉਨ੍ਹਾਂ ਨੇ ਆਮ ਸ਼ਹਿਰੀਆਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਬਦਲਾਅ ਦੇ ਜਦੋਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਪ੍ਰੰਤੂ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਮਿਲਣ ਤੋਂ ਹੀ ਗੁਰੇਜ਼ ਕਰਦੇ ਰਹੇ ਹਨ ਜਿਸ ਕਾਰਨ ਸ਼ਹਿਰ ਦੇ ਲੋਕ ਲਾਵਾਰਿਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਭ੍ਰਿਸ਼ਟਾਚਾਰ ਦਾ ਜਵਾਬ ਚੰਡੀਗੜ੍ਹ ਦੇ ਲੋਕ ਇਸ ਵਾਰ ਦੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੋਟ ਦੇ ਜ਼ੋਰ ਨਾਲ ਦੇਣਗੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ