ਉੱਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਕਾਂਡ ਨੂੰ ਲੈ ਕੇ ਇਹ ਬਿਆਨ ਤਾਂ ਜਾਰੀ ਕੀਤਾ ਕਿ ਹੁਣ ਕੋਈ ਵੀ ਵਿਅਕਤੀ ਕਾਂਡ ਨਾਲ ਸਬੰਧਤ ਕੋਈ ਵੀ ਵੀਡੀਓ ਸਾਂਝੀ ਨਾ ਕਰੇ ਪਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਹਜੇ ਵੀ ਪੁਲਿਸ ਦੇ ਹੱਥ ਖਾਲੀ ਹਨ। ਇਸੇ ਦੌਰਾਨ ਖ਼ਬਰਾਂ ਉੱਡੀਆਂ ਕਿ ਲਖੀਮਪੁਰ ਕਾਂਡ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਭਾਰਤ ਛੱਡਕੇ ਨੇਪਾਲ ਫਰਾਰ ਹੋ ਗਿਆ ਹੈ, ਇਸੇ ਲਈ ਉਹ SIT ਦੇ ਸਾਹਮਣੇ ਨਹੀਂ ਆ ਰਿਹਾ। ਜਿੱਥੇ ਇੱਕ ਪਾਸੇ ਆਸ਼ੀਸ਼ ਮਿਸ਼ਰਾ ਦਾ ਨੇਪਾਲ ਫਰਾਰ ਹੋਣ ਦੀਆਂ ਅਫ਼ਵਾਹਾਂ ਉੱਡੀਆਂ ਓਥੇ ਹੀ ਆਸ਼ੀਸ਼ ਦੇ ਪਰਿਵਾਰ ਵੱਲੋਂ ਕਿਹਾ ਗਿਆ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ। ਆਸ਼ੀਸ਼ ਮਿਸ਼ਰਾ ਨੇਪਾਲ ਨਹੀਂ ਗਿਆ ਪਰ ਉਹ ਲਖੀਮਪੁਰ ਵਿੱਚ ਵੀ ਮੌਜੂਦ ਨਹੀਂ ਹੈ।
ਆਸ਼ੀਸ਼ ਮਿਸ਼ਰਾ ਦੇ ਚਚੇਰੇ ਭਰਾ ਅਮਿਤ ਮਿਸ਼ਰਾ ਨੇ ਇੱਕ ਨਿੱਜੀ ਚੈੱਨਲ ਨਾਲ ਗਲਬਾਤ ਕਰਦਿਆਂ ਕਿਹਾ ਕਿ ਆਸ਼ੀਸ਼ ਜਲਦ ਹੀ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਵੇਗਾ। ਆਸ਼ੀਸ਼ ਦੇ ਨੇਪਾਲ ਭੱਜਣ ਦੀਆਂ ਸਾਰੀਆਂ ਗੱਲਾਂ ਮਹਿਜ਼ ਅਫ਼ਵਾਹਾਂ ਹੀ ਹਨ। ਉਹਨਾਂ ਇਹ ਵੀ ਕਿਹਾ ਕਿ ਆਸ਼ੀਸ਼ ਮਿਸ਼ਰਾ ਨੇ ਕੋਈ ਗਲਤੀ ਨਹੀਂ ਕੀਤੀ, ਕੋਈ ਵੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਅਤੇ ਉਹ ਭਗੌੜਾ ਵੀ ਨਹੀਂ ਹੈ। ਫਿਲਹਾਲ ਉਹ ਲਖੀਮਪੁਰ ਵਿੱਚ ਵੀ ਨਹੀਂ ਹੈ ਅਤੇ ਉਹਨਾਂ ਦੇ ਸੰਪਰਕ ਵਿੱਚ ਵੀ ਨਹੀਂ ਹੈ। ਇਸ ਗੱਲ ਦਾ ਯਕੀਨ ਦਿੱਤਾ ਗਿਆ ਕਿ ਉਹ ਜਲਦ ਹੀ ਪੁਲਿਸ ਅੱਗੇ ਪੇਸ਼ ਹੋਵੇਗਾ ਅਤੇ ਆਪਣੇ ਬਿਆਨ ਦਰਜ ਕਰਵਾਏਗਾ।
ਲਖੀਮਪੁਰ ਕਾਂਡ ਵਿੱਚ 2 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਕੁੱਲ 7 ਦੋਸ਼ੀਆਂ ਦਾ ਨਾਮ ਸਾਹਮਣੇ ਆ ਰਿਹਾ ਹੈ। ਆਸ਼ੀਸ਼ ਪਾਂਡੇ ਅਤੇ ਲਵਕੁਸ਼ ਦੇ ਬਿਆਨਾਂ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੋਈ ਹੈ ਅਤੇ ਆਸ਼ੀਸ਼ ਮਿਸ਼ਰਾ ਸਮੇਤ ਮਾਮਲੇ ਵਿੱਚ ਕੁੱਲ 7 ਲੋਕਾਂ ਦਾ ਨਾਮ ਸਾਹਮਣੇ ਆਇਆ ਹੈ। ਜਿਥੇ ਆਸ਼ੀਸ਼ ਮਿਸ਼ਰਾ ਦੀ ਭਾਲ ਕੀਤੀ ਜਾ ਰਹੀ ਹੈ ਓਥੇ ਹੀ ਆਸ਼ੀਸ਼ ਦੇ ਕਰੀਬੀ ਸੁਮਿਤ ਜੈਸਵਾਲ ਨੂੰ ਵੀ ਲਭਿਆ ਜਾ ਰਿਹਾ ਹੈ। ਉਸਦੀ ਭੂਮਿਕਾ ਵੀ ਇਸ ਕਾਂਡ ਵਿੱਚ ਵੱਡੀ ਮੰਨੀ ਜਾ ਰਹੀ ਹੈ ਅਤੇ ਉਸਦੀ ਵੀ ਭਾਲ ਲਈ ਪੁਲਿਸ ਕਾਰਵਾਈ ਕਰ ਰਹੀ ਹੈ। ਫਿਲਹਾਲ ਲਖੀਮਪੁਰ ਕਾਂਡ ਦਾ ਮੁੱਖ ਨਾਮਜਦ ਦੋਸ਼ੀ ਆਸ਼ੀਸ਼ ਮਿਸ਼ਰਾ ਪੁਲਿਸ ਦੀ ਗ੍ਰਿਫਤ ਵਿੱਚੋਂ ਫਰਾਰ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ