ਪਟਨਾ ਤੋਂ ਤਖ਼ਤ ਸ੍ਰੀ ਹਰਮਿੰਦਰ ਸਾਹਿਬ ਤੋਂ ਨਤਮਸਤਕ ਹੋਕੇ ਸਿੱਖ ਸ਼ਰਧਾਲੂ ਟਰੱਕ ਰਾਹੀਂ ਵਾਪਸ ਆਪਣੇ ਘਰ ਮੁਹਾਲੀ ਲਈ ਪਰਤ ਰਹੇ ਸਨ ਕਿ ਇਸੇ ਦੌਰਾਨ ਬਿਹਾਰ ਦੇ ਭੋਜਪੁਰ ਵਿਖੇ ਇੱਕ ਟੋਲ ਪਲਾਜ਼ਾ ‘ਤੇ ਕੁਝ ਨੌਜਵਾਨ ਮੰਦਿਰ ਦੀ ਉਸਾਰੀ ਅਤੇ ਹਵਨ ਕਰਵਾਉਣ ਲਈ ਰੁਪਏ ਇਕੱਠੇ ਕਰ ਰਹੇ ਸਨ। ਜਦੋਂ ਟਰੱਕ ਡਰਾਈਵਰ ਵੱਲੋਂ ਦਾਨ ਦੇਣ ਲਈ ਇਨਕਾਰ ਕੀਤਾ ਗਿਆ ਤਾਂ ਓਥੇ ਮੌਜੂਦ ਭੀੜ ਵੱਲੋਂ ਟਰੱਕ ਡਰਾਈਵਰ ਸਮੇਤ ਵਿੱਚ ਬੈਠੇ ਸਿੱਖ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ ਗਈ। ਟਰੱਕ ਉੱਤੇ ਪੱਥਰਬਾਜੀ ਕੀਤੀ ਗਈ ਜਿਸ ਦੌਰਾਨ ਤਕਰੀਬਨ 6 ਸਿੱਖ ਸ਼ਰਧਾਲੂ ਜ਼ਖਮੀ ਹੋ ਗਏ ਅਤੇ ਪੁਲਿਸ ਵੱਲੋਂ ਹੁਣ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਭੋਜਪੁਰ ਦੇ ਚਾਰਪੋਖਰੀ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ 5 ਲੋਕਾਂ ਨੂੰ ਹਿਰਾਸਤ ਵਿੱਚ ਲੈਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਦੋਂ ਭੀੜ ਵੱਲੋਂ ਟਰੱਕ ਡਰਾਈਵਰ ਨਾਲ ਲੜਾਈ ਸ਼ੁਰੂ ਕੀਤੀ ਤਾਂ ਟਰੱਕ ਵਿੱਚ ਸਵਾਰ 60 ਲੋਕਾਂ ਵਿੱਚ ਕੁਝ ਲੋਕ ਡਰਾਈਵਰ ਦੀ ਮਦਦ ਲਈ ਅੱਗੇ ਆਏ ਤਾਂ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜ਼ਖਮੀ ਹੋਈ ਲੋਕਾਂ ਨੂੰ ਚਾਰਪੋਖਰੀ ਪਬਲਿਕ ਹੈਲਥ ਕੇਅਰ ਸੈਂਟਰ ਵਿੱਚ ਇਲਾਜ ਲਈ ਭੇਜਿਆ ਗਿਆ ਸੀ। ਫਿਲਹਾਲ ਇਸ ਦੌਰਾਨ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਿਸ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇਗਾ ਪਰ ਮੁਢਲੀ ਜਾਂਚ ਲਈ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਟਰੱਕ ਵਿੱਚ ਕੁੱਲ 60 ਲੋਕਾਂ ਵਿਚੋਂ 40 ਲੋਕ ਪੁਰਸ਼ ਅਤੇ 20 ਮਹਿਲਾਵਾਂ ਮੌਜੂਦ ਸਨ। ਸਵਾਲ ਇਹ ਹੈ ਕਿ ਧਾਰਮਿਕ ਅਸਥਾਨਾਂ ਲਈ ਦਾਨ ਨਾ ਦੇਣ ਵਾਲਿਆਂ ਨਾਲ ਅਜਿਹਾ ਸਲੂਕ ਕਿੰਨਾ ਕੁ ਵਾਜਿਬ ਹੈ?
https://www.facebook.com/thekhabarsaar/