ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਭਾਜਪਾ ਸਮੇਤ ਵਿਰੋਧੀਆਂ ਉੱਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਸਭ ਨੂੰ ਭਾਜਪਾ ਦੀਆਂ A,B ਅਤੇ C ਟੀਮਾਂ ਦੱਸਿਆ ਹੈ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ‘ਏ, ਬੀ ਅਤੇ ਸੀ’ ਟੀਮਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਭਾਜਪਾ ਅਤੇ ਇਸ ਦੀਆਂ ‘ਏ, ਬੀ ਅਤੇ ਸੀ’ ਟੀਮਾਂ ਲੋਕਾਂ ਅਤੇ ਲੋਕਤੰਤਰ ਲਈ ਖ਼ਤਰਨਾਕ ਹਨ। ਮਾਨ ਨੇ ਕਿਹਾ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾ ਪੰਜਾਬੀਆਂ ਅੱਗੇ ਸਪਸ਼ੱਟ ਉਦਾਹਰਨ ਹਨ, ਜਦੋਂ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਸੱਤਾ ਸੌਂਪਣ ਲਈ ਅਕਾਲੀ ਦਲ ਬਾਦਲ ਅਤੇ ਭਾਜਪਾ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਰੋਕਿਆ ਜਾ ਸਕੇ।
‘‘ਭਾਜਪਾ ਦਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਭਾਜਪਾ ਆਗੂਆਂ ਦੇ ਅੱਤਿਆਚਾਰਾਂ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਾ ਕੇਵਲ ਸੜਕਾਂ ’ਤੇ ਰੁਲਣਾ ਪਿਆ, ਸਗੋਂ ਆਪਣੀਆਂ ਜਾਨਾਂ ਦੀ ਅਹੂਤੀ ਵੀ ਦੇਣੀ ਪਈ। ਪਰ ਅੱਜ ਲਾਲਚੀ ਅਤੇ ਭ੍ਰਿਸ਼ਟਾਚਾਰੀ ਸਿਆਸਤਦਾਨ ਅੰਦੋਲਨਕਾਰੀ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਪੰਜਾਬ ਵਿੱਚ ਭਾਜਪਾ (ਤਾਨਾਸ਼ਾਹਾਂ) ਦਾ ਰਾਜਭਾਗ ਸਥਾਪਤ ਕਰਨ ਤੱਕ ਗਿਰ ਗਏ ਹਨ।’’ ਮਾਨ ਨੇ ਦਾਅਵਾ ਕੀਤਾ ਕਿ ਜਦੋਂ ਵੀ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਯਤਨ ਕਰਦੇ ਹਨ ਤਾਂ ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ ਆਦਿ ਦੇ ਸਾਰੇ ਆਗੂ ਇਕੱਠੇ ਹੋ ਜਾਂਦੇ ਹਨ ਅਤੇ ਹੁਣ 2022 ਦੀਆਂ ਚੋਣਾ ਵਿੱਚ ‘ਆਪ’ ਦੇ ਵਿਰੁੱਧ ਕਾਂਗਰਸ, ਕੈਪਟਨ, ਢੀਂਡਸਾ ਅਤੇ ਬਾਦਲ ਦਲ ਅੰਦਰਖਾਤੇ ਭਾਜਪਾ ਨਾਲ ਚੋਣ ਗਠਜੋੜ ਕਰ ਚੁੱਕੇ ਹਨ। ਇਸੇ ਲਈ ਇਨਾਂ ਰਿਵਾਇਤੀ ਪਾਰਟੀਆਂ ਦੇ ਆਗੂ ਥੋਕ ਦੇ ਭਾਅ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਦੀ ਭਾਜਪਾ ਨਾਲ ਦੋਸਤੀ ਜੱਗ ਜਾਹਿਰ ਹੈ ਅਤੇ ਬਾਦਲ ਪਰਿਵਾਰ ਹਮੇਸ਼ਾਂ ਹੀ ਭਾਜਪਾ ਦੀ ਏ ਟੀਮ ਵਜੋਂ ਪ੍ਰਸਿੱਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਭਾਜਪਾ ਲਈ ਬੀ ਟੀਮ ਵਜੋਂ ਜਾਣੇ ਗਏ ਹਨ, ਜਦੋਂ ਕਿ ਚੋਣਾ ਨਾ ਜਿੱਤਣ ਵਾਲੇ ਲੋਕ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਭਾਜਪਾ ਦੀ ‘ਸੀ’ ਟੀਮ ਵਜੋਂ ਕੰਮ ਕਰ ਰਹੇ ਹਨ। ਮਾਨ ਨੇ ਕਿਹਾ ਕਿ ਜਿੱਥੇ ਇਖ਼ਲਾਕ ਤੋਂ ਗਿਰੇ ਲੋਕ ਕਿਸਾਨਾਂ ਦੀਆਂ ਕੁਰਬਾਨੀਆਂ ਤੋਂ ਲੰਘ ਕੇ ਭਾਜਪਾ ’ਚ ਸ਼ਾਮਲ ਹੋ ਰਹੇ ਹਨ, ਉਥੇ ਹੀ ਭ੍ਰਿਸ਼ਟਾਚਾਰੀ ਆਗੂਆਂ ਨੂੰ ਇਨਫੋਰਸਮੈਂਟ ਡਾਇਕਟੋਰੇਟ (ਈ.ਡੀ.) ਅਤੇ ਇਨਕਮ ਟੈਕਸ ਦਾ ਡਰਾ ਦਿਖਾ ਕੇ ਭਾਜਪਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
‘ਆਪ’ ਆਗੂ ਨੇ ਕਿਹਾ ਕਿ ਜਿਉਂ-ਜਿਉਂ ਵਿਧਾਨ ਸਭਾ ਚੋਣਾ ਨਜ਼ਦੀਕ ਆ ਰਹੀਆਂ ਹਨ, ਤਿਉਂ- ਤਿਉਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਆਗੂਆਂ ਅਤੇ ਪਾਰਟੀਆਂ ਦੇ ਚਿਹਰੇ ਨੰਗੇ ਹੋ ਰਹੇ ਹਨ। ‘ਆਪ’ ਦੀ ਚੜ੍ਹਤ ਦੇਖਦਿਆਂ ਸਾਰੇ ਵਿਰੋਧੀ ਮਿਲ ਕੇ ਤਿਕੜਮਬਾਜੀਆਂ ਅਤੇ ਸਾਜਿਸ਼ਾਂ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਮੇਤ ਕਿਸਾਨਾਂ ਦੀਆਂ ਕੁਰਬਾਨੀਆਂ ਦੀ ਦੁਹਾਈ ਦੇਣ ਵਾਲੇ ਕੁੱਝ ਲੋਕ ਵੀ ਭਾਜਪਾ ਦੀ ਬੇੜੀ ਵਿੱਚ ਸਵਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਦੋਹਰੇ ਕਿਰਦਾਰ ਲੋਕਾਂ ਸਾਹਮਣੇ ਆ ਗਏ ਹਨ। ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ਵਿੱਚ ਪਰਿਵਾਰਤਨ ਦੀ ਮੁਦਈ ਹੈ ਅਤੇ ਚੰਗੀ ਸਿੱਖਿਆ, ਇਲਾਜ, ਪੀਣ ਦਾ ਪਾਣੀ ਅਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਪੰਜਾਬ ਦੀ ਨਵੀਂ ਇਬਾਰਤ ਲਿਖਣ ਲਈ ਪੰਜਾਬ ਵਾਸੀ ਤਿਆਰ ਬਰ ਤਿਆਰ ਹਨ, ਤਾਂ ਜੋ ਸਰਕਾਰੀ ਸਾਧਨਾਂ ਦੀ ਲੁੱਟ ਘਸੁੱਟ ਨੂੰ ਬੰਦ ਕੀਤਾ ਜਾਵੇ ਅਤੇ ਪੰਜਾਬ ਨੂੰ ਮੁੱੜ ਸੋਹਣਾ ਤੇ ਖੁਸ਼ਹਾਲ ਪੰਜਾਬ ਬਣਾਇਆ ਜਾਵੇ।
https://www.facebook.com/thekhabarsaar/