ਪੰਥ ਅਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਨੇ ਕੀਤਾ, ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਬਣਾਇਆ : ਮਾਨ

ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਬਾਦਲ ਪਰਿਵਾਰ ਉੱਤੇ ਭਗਵੰਤ ਮਾਨ ਨੇ ਤਿੱਖੇ ਨਿਸ਼ਾਨੇ ਸਾਧੇ ਅਤੇ ਵੱਡੇ ਇਲਜ਼ਾਮ ਲਗਾਏ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸੱਤਾ ‘ਚੋਂ ਬਾਹਰ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥ ਅਤੇ ਪੰਜਾਬ ਨਾਲ ਮੋਹ ਜਾਗਦਾ ਹੈ, ਪ੍ਰੰਤੂ ਸੱਤਾ ‘ਚ ਹੁੰਦਿਆਂ ਪੰਥ ਅਤੇ ਪੰਜਾਬ ਦਾ ਜਿੰਨਾ ਨੁਕਸਾਨ ਬਾਦਲਾਂ ਦੇ ਟੱਬਰ ਨੇ ਕੀਤਾ ਹੈ, ਓਨਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਮੁਗ਼ਲ ਧਾੜਵੀ ਵੀ ਨਹੀਂ ਕਰ ਸਕੇ ਸਨ। ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਪੰਥ ਅਤੇ ਪੰਜਾਬ ਲਈ ‘ਬੁੱਕਲ ਦੇ ਸੱਪ’ ਕਰਾਰ ਦਿੰਦਿਆਂ ਕਿਹਾ ਕਿ ਸੱਤਾਹੀਣ ਹੋਣ ਕਰਕੇ ਬਾਦਲ ਪਰਿਵਾਰ ਨੂੰ ਇੱਕ ਵਾਰ ਫਿਰ ਪੰਥ, ਪੰਜਾਬ, ਸੰਘੀ ਢਾਂਚਾ ਅਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਨਾਂਅ ‘ਤੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਯਾਦ ਆ ਗਿਆ ਹੈ। ਜਦੋਂਕਿ ਪਰਕਾਸ਼ ਸਿੰਘ ਬਾਦਲ ਨੇ 1996 ਵਿੱਚ ਮੋਗੇ ਦੀ ਧਰਤੀ ਉੱਤੇ ਪੰਥ ਦੀਆ ਰਹੁਰੀਤਾਂ ਤਿਆਗ ਕੇ ਅਕਾਲੀ ਦਲ ਨੂੰ ਕੇਵਲ ਨੂੰ ਬਾਦਲ ਐਂਡ ਕੰਪਨੀ ਬਣਾ ਲਿਆ ਸੀ।

ਮਾਨ ਨੇ ਕਿਹਾ ਕਿ ਸਾਲ 1997 ਤੋਂ ਲੈ ਕੇ 2020 ਤੱਕ 15 ਸਾਲ ਪੰਜਾਬ ਅਤੇ 12 ਸਾਲ ਕੇਂਦਰ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੱਤਾ ਭੋਗਣ ਵਾਲੇ ਬਾਦਲ ਪਰਿਵਾਰ ਨੂੰ ਨਾ ਪੰਜਾਬ, ਨਾ ਪੰਥ, ਨਾ ਸੰਘੀ ਢਾਂਚਾ ਅਤੇ ਨਾ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਉਂ ਨਹੀਂ ਯਾਦ ਆਇਆ? ਕੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ‘ਬਾਦਲ ਐਂਡ ਕੰਪਨੀ’ ਇਸ ਗੱਲ ਦਾ ਸਪਸ਼ਟੀਕਰਨ ਪੰਜਾਬ ਦੇ ਲੋਕਾਂ ਨੂੰ ਦੇਣਗੇ ? ਭਗਵੰਤ ਮਾਨ ਨੇ ਕਿਹਾ, ”25 ਸਾਲ ਪਹਿਲਾ ਮੋਗਾ ਦੀ ਸਰਜ਼ਮੀਂ ਉੱਤੇ ਹੀ ਬਾਦਲ ਐਂਡ ਕੰਪਨੀ ਨੇ ‘ਸ਼੍ਰੋਮਣੀ ਅਕਾਲੀ ਦਲ’ ਦੀ ਪੰਥ ਅਤੇ ਪੰਜਾਬ- ਪ੍ਰਸਤ ਵਿਰਾਸਤ ਨੂੰ ਤਿਲਾਂਜਲੀ ਦੇ ਕੇ ਸਿਧਾਂਤਿਕ ਅਤੇ ਵਿਵਹਾਰਿਕ ਤੌਰ ‘ਤੇ ਭਾਜਪਾ ਦੇ ਕੰਧੇੜੇ (ਮੋਢਿਆਂ ‘ਤੇ) ਚੜ ਗਈ ਸੀ। ਸੱਤਾ ਦੇ ਇਸ ਲੰਬੇ ਸਫ਼ਰ ਦੌਰਾਨ ਬਾਦਲਾਂ ਨੇ ਪੰਥ ਅਤੇ ਪੰਜਾਬ ਦਾ ਰੱਜ ਕੇ ਘਾਣ ਕੀਤਾ।

ਇਹ ਸਿਲਸਿਲਾ ਅਜੇ ਹੋਰ ਜਾਰੀ ਰਹਿਣਾ ਸੀ, ਪ੍ਰੰਤੂ ਕਿਸਾਨੀ ਅੰਦੋਲਨ ਦੇ ਦਬਾਅ ਨੇ ਬਾਦਲਾਂ ਨੂੰ ਭਾਜਪਾ ਦੀ ਗੋਦੀ ਵਿਚੋਂ ਉਤਾਰ ਕੇ ਸੱਤਾਹੀਣ ਕਰ ਦਿੱਤਾ। ਵਕਤ ਦਾ ਇਨਸਾਫ਼ ਇਹ ਰਿਹਾ ਕਿ ਅੱਜ ਬਾਦਲਾਂ ਕੋਲੋਂ ਪੰਥ, ਪੰਜਾਬ ਅਤੇ ਪੰਜਾਬੀ ਸਭ ਖੁੱਸ ਚੁੱਕੇ ਹਨ। ਖੁੱਸੀ ਹੋਈ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਬਾਦਲ ਐਂਡ ਕੰਪਨੀ ਉਸੇ ਮੋਗੇ ਦੀ ਧਰਤੀ ਤੋਂ ਹੁਣ ਫਿਰ ਪੰਥ ਅਤੇ ਪੰਜਾਬ ਦੀ ਦੁਹਾਈ ਦੇਣ ਲੱਗੀ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਲਈ ਖੇਡੀ ਜਾ ਰਹੀ ਬਾਦਲਾਂ ਦੀ ਇਸ ਗਿਰਗਿਟੀ ਚਾਲ ਤੋਂ ਸਮੁੱਚੇ ਪੰਥ ਅਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।”

ਭਗਵੰਤ ਮਾਨ ਨੇ ਸੀਨੀਅਰ ਅਤੇ ਜੂਨੀਅਰ ਬਾਦਲ ਵੱਲੋਂ ਇਹਨਾਂ ਦਿਨਾਂ ‘ਚ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਸਿਆਸੀ ਮੈਦਾਨ ‘ਚ ਅੱਜ ਬਾਦਲ ਐਂਡ ਕੰਪਨੀ ਕਿਤੇ ਨਹੀਂ ਹੈ, ਪ੍ਰੰਤੂ ਬਾਦਲ ਪਰਿਵਾਰ ਖ਼ੁਦ ਨੂੰ ਮੁਕਾਬਲੇ ‘ਚ ਦਿਖਾਉਣ ਦੀ ਹੁਸ਼ਿਆਰੀ ਕਰ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਬਾਦਲ ਟੱਬਰ ਸਭ ਤੋ ਵੱਧ ਜ਼ਿੰਮੇਵਾਰ ਹੈ । ਬਾਦਲਾਂ ਦੀ ਸਿਆਸੀ ਸਟੇਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਬੋਧਨ ਕੀਤੇ ਜਾਣ ‘ਤੇ ਵੀ ਇਤਰਾਜ਼ ਕਰਦਿਆਂ ਮਾਨ ਨੇ ਕਿਹਾ ਕਿ ਗੁਰੂਧਾਮਾਂ ‘ਤੇ ਕਬਜ਼ੇ ਕਰਨ ਦੇ ਮਾਮਲੇ ‘ਚ ਅੱਜ ਬਾਦਲ ਪਰਿਵਾਰ ‘ਮਸੰਦਾਂ’ ਵਾਲੀ ਭੂਮਿਕਾ ਵਿੱਚ ਹੈ। ਪਰ ਚੰਗੀ ਗੱਲ ਇਹ ਹੈ ਕਿ ਸਮੁੱਚਾ ਪੰਥ ਅਤੇ ਪੰਜਾਬ ਬਾਦਲਾਂ ਦੀ ਅਸਲੀਅਤ ਬਾਰੇ ਡੂੰਘਾਈ ਤੱਕ ਜਾਣ ਚੁੱਕਿਆ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿਧੁਨਾਲ ਬਹਿਸ ਲਈ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੀਤਾ ਅੱਗੇ, ਸਿੱਧੂ ਟਾਈਮ ਤੇ ਥਾਂ ਦੱਸਣ

ਬੇਅਦਬੀਆਂ ਦੇ ਮਸਲੇ ‘ਤੇ ਸੁਖਬੀਰ ਬਾਦਲ ਨੇ ਸੱਦੀ ਚੰਡੀਗੜ੍ਹ ‘ਚ ਕੋਰ ਕਮੇਟੀ ਮੀਟਿੰਗ