ਨਵੀਂ ਦਿੱਲੀ, 2 ਅਪ੍ਰੈਲ 2021 – ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸਯੁੰਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਕਿਸਾਨ ਅੰਦੋਲਨ ਨੂੰ ਤੇਜ ਕਰਨ ਲਈ ਲੱਖਾ ਸਿਧਾਣਾ ਅਤੇ ਉਸ ਨਾਲ ਜੁੜੀ ਹੋਈ ਨੌਜਵਾਨ ਫੋਰਸ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ। ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ, ਆਗੂਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸਾਨੀ ਘੋਲ ਨੂੰ ਮਜਬੂਤ ਕਰਨ ਲਈ ਇਸ ਮਸਲੇ ਨੂੰ ਹੱਲ ਕੀਤਾ।
ਸੰਯੁਕਤ ਕਿਸਾਨ ਮੋਰਚਾ ਨੇ ਲੱਖਾ ਸਿਧਾਣਾ ਨੂੰ ਅੰਦੋਲਨ ਵਿੱਚ ਵਾਪਸ ਬੁਲਾ ਲਿਆ ਹੈ। ਹੁਣ ਲੱਖਾ ਸਿਧਾਣਾ ਤੇ ਉਸ ਦੇ ਸਾਥੀ ਕਿਸਾਨ ਜਥੇਬੰਦੀਆਂ ਦੀਆਂ ਸਟੇਜਾਂ ਤੋਂ ਬੋਲ ਸਕਣਗੇ। ਇਸ ਮਗਰੋਂ ਚਰਚਾ ਛਿੜੀ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਦੀਪ ਸਿੱਧੂ ਵੀ ਅੰਦੋਲਨ ਵਿੱਚ ਸ਼ਾਮਲ ਕਰੇਗਾ। ਇਸ ਬਾਰੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਪਸ਼ਟ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਹੈ ਕਿ ਦੀਪ ਸਿੱਧੂ ਨਾਲ ਭਵਿੱਖ ‘ਚ ਕਦੇ ਵੀ ਸੰਯੁਕਤ ਕਿਸਾਨ ਮੋਰਚਾ ਮਿਲ ਕੇ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਨੇ ਸਿਰਫ਼ ਅਨੁਸ਼ਾਸਨ ਤੋੜਿਆ ਸੀ ਪਰ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਕਰਕੇ ਕਿਸਾਨ ਮੋਰਚੇ ਦਾ ਵੱਡਾ ਨੁਕਸਾਨ ਹੋਣਾ ਸੀ। ਤੁਹਾਨੂੰ ਦੱਸ ਦਈਏ ਕਿ ਕਿਸਾਨ ਮੋਰਚੇ ਨੇ ਲਾਲ ਕਿਲਾ ਦੀ ਘਟਨਾ ਮਗਰੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਨਾਲੋਂ ਨਾਤਾ ਤੋੜ ਲਿਆ ਸੀ।