“ਮੌਕਾਪ੍ਰਸਤ ਤੇ ਨਾਪਾਕ ਗਠਜੋੜ ਹੈ BJP, ਕੈਪਟਨ ਅਤੇ ਢੀਂਡਸਾ, ਸਿਫ਼ਰਾਂ ਜਿੰਨੀਆਂ ਮਰਜੀ ਜੁੜ ਜਾਣ ਨਤੀਜਾ ਸਿਫ਼ਰ ਹੀ ਰਹੇਗਾ”

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਠਜੋੜ ਬਾਰੇ ਟਿੱਪਣੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਇਲਜ਼ਾਮ ਵੱਡੇ ਵੱਡੇ ਲੱਗ ਰਹੇ ਹਨ। ਇਸੇ ਦੇ ਚਲਦਿਆਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਬਣੀ ਸਾਂਝ ਨੂੰ ਸਿਰੇ ਦੀ ਸਿਆਸੀ ਮੌਕਾਪ੍ਰਸਤੀ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਕਚਹਿਰੀ ਇਹਨਾਂ ਮੌਕਾਪ੍ਰਸਤਾਂ ਨੂੰ ਅਮਲੀ ਰੂਪ ‘ਚ ਸਮਝਾ ਦੇਵੇਗੀ ਕਿ ਇਕੱਲੀਆਂ ਸਿਫ਼ਰਾਂ ਜਿੰਨੀਆਂ ਮਰਜ਼ੀ ਜੁੜ ਜਾਣ, ਪਰ ਜੋੜ ਸਿਫ਼ਰ (ਜ਼ੀਰੋ) ਹੀ ਰਹੇਗਾ।

ਭਗਵੰਤ ਮਾਨ ਨੇ ਪਵਿੱਤਰ ਗੀਤਾ ਦੇ ਉਪਦੇਸ਼ ਦਾ ਹਵਾਲਾ ਦਿੰਦਿਆਂ ਕਿਹਾ, ”ਜੋ ਹੋ ਰਿਹਾ, ਚੰਗਾ ਹੋ ਰਿਹਾ ਅਤੇ ਜੋ ਹੋਵੇਗਾ, ਉਹ ਵੀ ਚੰਗਾ ਹੀ ਹੋਵੇਗਾ, ਕਿਉਂਕਿ ਪੰਜਾਬ ਦੀ ਜਨਤਾ ਮੌਕਾਪ੍ਰਸਤ ਅਤੇ ਸਵਾਰਥੀ ਆਗੂਆਂ ਦੇ ਦਿਨ ਪ੍ਰਤੀ ਦਿਨ ਉਤਰ ਰਹੇ ਮਖੌਟਿਆਂ ਨੂੰ ਬੜੀ ਬਰੀਕੀ ਨਾਲ ਦੇਖ ਰਹੀ ਹੈ। ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਨਤੀਜਣ ਇਹਨਾਂ ਸਿਆਸੀ ਮੌਕਾਪ੍ਰਸਤਾਂ ਦੇ ਲੱਛਣ ਦੇਖ ਕੇ ਲੋਕ ਪੱਕਾ ਮਨ ਬਣਾ ਚੁੱਕੇ ਹਨ, ਕਿ ਇਸ ਵਾਰ ਪਿਛਲੀਆਂ ਗ਼ਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ ਅਤੇ ਇੱਕ ਮੌਕਾ ਆਮ ਆਦਮੀ ਪਾਰਟੀ ਰਾਹੀਂ ਆਪਣੇ ਆਪ ਨੂੰ ਦਿੱਤਾ ਜਾਵੇਗਾ।”

ਭਗਵੰਤ ਮਾਨ ਨੇ ਭਾਜਪਾ, ਕੈਪਟਨ ਅਤੇ ਢੀਂਡਸਾ ਗਰੁੱਪ ‘ਤੇ ਤੰਜ ਕਸਦਿਆਂ ਕਿਹਾ, ”ਹੁਣ ਜਦੋਂ ਤੁਹਾਡਾ ਪੁਰਾਣਾ ਨਾਪਾਕ ਗੱਠਜੋੜ ਜੱਗ ਜ਼ਾਹਿਰ ਹੋ ਹੀ ਗਿਆ ਹੈ ਤਾਂ ਆਪਣੀਆਂ ਸਿਫ਼ਰਾਂ ਨਾਲ ਬੇਸ਼ੱਕ ਬਾਦਲਾਂ ਵਾਲੀ ਸਿਫ਼ਰ ਵੀ ਜੋੜ ਲਵੋ, ਪਰ ਨਤੀਜਾ ਫੇਰ ਵੀ ਸਿਫ਼ਰ ਹੀ ਰਹੇਗਾ। ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ (ਕੈਪਟਨ) ਪੰਜਾਬ ਦੇ ਲੋਕਾਂ ਨੂੰ ਕੋਈ ਇੱਕ ਕਾਰਨ ਜਾਂ ਵਜਾ ਦੱਸ ਦੇਣ ਕਿ ਲੋਕ ਇੱਕ ਵੀ ਵੋਟ ਉਨ੍ਹਾਂ ਨੂੰ ਕਿਉਂ ਦੇਣ? ਉਲਟਾ ਪੰਜਾਬ ਦੇ ਲੋਕ ਪੁੱਛਣ ਲਈ ਤਿਆਰ ਬਰ ਤਿਆਰ ਬੈਠੇ ਹਨ ਕਿ 2017 ‘ਚ ਲੋਕਾਂ ਵੱਲੋਂ ਦਿੱਤੇ ਗਏ ਜ਼ਬਰਦਸਤ ਫ਼ਤਵੇ ਦੀ ਐਸੀ- ਤੈਸੀ ਕਰਕੇ ਕੈਪਟਨ ਸਾਢੇ ਚਾਰ ਸਾਲ ਆਪਣੇ ਸ਼ਾਹੀ ਫਾਰਮ ਹਾਊਸ ‘ਚੋਂ ਬਾਹਰ ਕਿਉਂ ਨਹੀਂ ਨਿਕਲੇ? ਮਾਨ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਵੋਟ ਮੰਗਣ ਤਾਂ ਦੂਰ ਲੋਕਾਂ ਨੂੰ ਮੂੰਹ ਦਿਖਾਉਣ ਜੋਗੀ ਹੈਸੀਅਤ ਵੀ ਨਹੀਂ ਰੱਖਦੇ।

ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸੰਯੁਕਤ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ, ”ਢੀਂਡਸਾ ਜੀ, ਕੈਪਟਨ ਅਤੇ ਅਮਿਤ ਸ਼ਾਹ ਜੀ ਹੋਰਾਂ ਦੀਆਂ ਅਖ਼ਬਾਰਾਂ, ਮੀਡੀਆ ‘ਚ ਫ਼ੋਟੋਆਂ ਦੇਖ ਕੇ ਪੰਜਾਬ ਦੀ ਜਨਤਾ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਢੀਂਡਸਾ ਹੁਰਾਂ ਨੂੰ ਮੋਦੀ ਸਰਕਾਰ ਵੱਲੋਂ ਖ਼ਾਸ ਤੌਰ ‘ਤੇ ਬਖ਼ਸ਼ਿਆਂ ‘ਪਦਮ ਸ੍ਰੀ’ ਪੂਰੀ ਤਰਾਂ ਯਾਦ ਹੈ। ਬਲਕਿ ਇਹ ਚਰਚਾਵਾਂ ਵੀ ਤਰੋਤਾਜ਼ਾ ਹੋ ਗਈਆਂ ਕਿ ਬਾਦਲਾਂ ਦੀ ਥਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਕੇਂਦਰ ‘ਚ ਵਜ਼ੀਰੀ ਮਿਲ ਸਕਦੀ ਹੈ, ਕਿਉਂਕਿ ਭਾਜਪਾ, ਢੀਂਡਸਾ ਐਂਡ ਪਾਰਟੀ ਰਾਹੀਂ ਵੀ ਪੰਥਕ ਰਾਜਨੀਤੀ ਅਤੇ ਪੰਥਕ ਸੰਸਥਾਵਾਂ ‘ਤੇ ਸਿੱਧਾ ਕੰਟਰੋਲ ਕਰਨ ਦੀ ਫ਼ਿਰਾਕ ਵਿੱਚ ਹੈ।

ਭਾਵੇਂ ਇਹਨਾਂ ਚਰਚਾਵਾਂ ਉੱਤੇ ਕਿਸਾਨੀ ਅੰਦੋਲਨ ਨੇ ਥੁੜਚਿਰਾ ਵਿਰਾਮ ਲਾ ਦਿੱਤਾ ਸੀ, ਪਰ ਹੁਣ ਜਿੱਦਾਂ ਹੀ ਰਸਤਾ ਸਾਫ਼ ਹੋਇਆ ਨਾਪਾਕ ਅਤੇ ਸਵਾਰਥੀ ਇਰਾਦਿਆਂ ਨਾਲ ਲਬਰੇਜ਼ ਇਹ ਗੱਠਜੋੜ ਸਾਹਮਣੇ ਆ ਗਿਆ ਹੈ। ਪ੍ਰੰਤੂ ਭਵਿੱਖ ਦੀ ਕੰਧ ‘ਤੇ ਲਿਖੀ ਇਬਾਰਤ (ਲਿਖਤ) ਸਾਫ਼ ਪੜ੍ਹੀ ਜਾ ਸਕਦੀ ਹੈ ਕਿ ਭਾਜਪਾ ਅਤੇ ਕੈਪਟਨ ਦਾ ਸਾਥ ਢੀਂਡਸਾ ਪਰਿਵਾਰ ਅਤੇ ਸੰਯੁਕਤ ਅਕਾਲੀ ਦਲ ਨੂੰ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਹਮੇਸ਼ਾ ਲਈ ਸਾਫ਼ ਕਰ ਦੇਵੇਗਾ। ਇਸ ਕਰਕੇ ਹੀ ਸੰਯੁਕਤ ਅਕਾਲੀ ਦਲ ਤੇਜ਼ੀ ਨਾਲ ਭੁਰਨ (ਖ਼ਤਮ ਹੋਣ) ਲੱਗਾ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਅਤੇ ਆਗੂਆਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਅਜਿਹੀਆਂ ਕਿਹੜੀਆਂ ਮਜਬੂਰੀਆਂ ਅਤੇ ਸਿਆਸੀ ਭੁੱਖਾਂ ਹਨ ਕਿ ਉਹ ਅਜਿਹੀ ਭਾਜਪਾ ਦੀ ਗੋਦੀ ਵਿੱਚ ਬੈਠੇ ਰਹੇ ਹਨ, ਜਿਸ ਨੂੰ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਅਤੇ ਪੰਥ ਦੀ ਦੁਸ਼ਮਣ ਜਮਾਤ ਦੱਸਦੇ ਸਨ।

ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਸ਼ਾਰਕ ਦੱਸਦੇ ਹੋਏ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਆਪਸੀ ਭਾਈਚਾਰੇ ਦੇ ਨਾਲ- ਨਾਲ ਸਿਆਸੀ ਕਦਰਾਂ ਕੀਮਤਾਂ ਲਈ ਭਾਜਪਾ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਹੈ। ਪ੍ਰੰਤੂ ਖ਼ੁਸ਼ਕਿਸਮਤੀ ਇਹ ਹੈ ਕਿ ਪੰਜਾਬ ਦੀ ਜਨਤਾ ਭਾਜਪਾ ਦੇ ਮਾਰੂ ਨਿਜ਼ਾਮ ਤੋਂ ਹਮੇਸ਼ਾ ਚੌਕੰਨੀ ਰਹੀ ਹੈ ਅਤੇ ਭਵਿੱਖ ‘ਚ ਹੋਰ ਵੀ ਸੁਚੇਤ ਰਹੇਗੀ, ਕਿਉਂਕਿ ਸੱਤਾ ਦੇ ਭੁੱਖੇ ਅਤੇ ਭ੍ਰਿਸ਼ਟਾਚਾਰ ‘ਚ ਡੁੱਬੇ ‘ਪੰਜਾਬ ਦੇ ਡੋਗਰੇ’ ਭਾਜਪਾ ਦੇ ਮਾਰੂ ਰੱਥ ਸਵਾਰ ਹੋ ਰਹੇ ਹਨ ਅਤੇ ਆਪਣੇ ਅਸਲੀ ਚਿਹਰੇ ਨੰਗੇ ਕਰ ਰਹੇ ਹਨ। ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ, ਕੈਪਟਨ, ਬਾਦਲ ਅਤੇ ਚੋਣਾ ਦੇ ਮੱਦੇਨਜ਼ਰ ਖੁੰਭਾਂ ਵਾਂਗ ਉੱਗ ਰਹੀਆਂ ਇਹਨਾਂ ਦੀਆਂ ਏ- ਬੀ -ਸੀ ਟੀਮਾਂ ਅਗਲੇ 100 ਸਾਲਾਂ ‘ਚ ਵੀ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਸੁਧਾਰ ਅਤੇ ਸੰਵਾਰ ਨਹੀਂ ਸਕਦੀਆਂ, ਇਸ ਲਈ ਇਨ੍ਹਾਂ ਨੂੰ ਹੋਰ ਪਰਖਣ ਦੀ ਗ਼ਲਤੀ ਨਾ ਕਰਕੇ ਇੱਕ ਮੌਕਾ ਅਰਵਿੰਦ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਜ਼ਰੂਰ ਦੇਣਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਵਿਖੇ ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਦੇ ਸਾਹਮਣੇ ਕਪੜਾ ਫੈਕਟਰੀ ਵਿੱਚ ਲੱਗੀ ਜਬਰਦਸਤ ਅੱਗ

ਜਨਵਰੀ ‘ਚ ਮਿਲੇਗਾ 25 ਰੁਪਏ ਸਸਤਾ ਪੈਟਰੋਲ ਅਤੇ ਡੀਜ਼ਲ ਪਰ ਇੱਕ ਖ਼ਾਸ ਸ਼ਰਤ ਹੈ ਸੂਬੇ ਵਿੱਚ…