- ਲੋਕਤੰਤਰ ਅਤੇ ਰਾਜਨੀਤੀ ਵਿੱਚ ਕੁਝ ਵੀ ਸੰਭਵ ਹੈ ਅਤੇ ਇਹੀ ਹੈ ਇਸਦੀ ਖ਼ੂਬਸੂਰਤੀ: ਸ਼ਰਮਾ
- ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਜਨਤਾ ਵੱਲੋਂ ਦਿੱਤੇ ਫਤਵੇ ਦਾ ਕੀਤਾ ਸਵਾਗਤ।
ਚੰਡੀਗੜ੍ਹ: 12 ਮਾਰਚ 2022 – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਭਾਜਪਾ ਨੂੰ ਦਿੱਤੇ ਫਤਵੇ ਨੂੰ ਸਵੀਕਾਰ ਕਰਦਿਆਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਕਤੰਤਰ ਅਤੇ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ ਅਤੇ ਇਹੀ ਇਸਦੀ ਖ਼ੂਬਸੂਰਤੀ ਹੈ। ਲੋਕਤੰਤਰ ਵਿੱਚ ਅਸੀਂ ਲੋਕਾਂ ਦੇ ਫੈਸਲੇ ਨੂੰ ਸਿਰ ਝੁਕਾ ਕੇ ਸਵੀਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਉਮੀਦ ਨਾਲ ਪੰਜਾਬੀਆਂ ਨੇ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਸੌਂਪੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਜਿਸ ਉਮੀਦ ਨਾਲ ਲੋਕਾਂ ਨੇ ਵੋਟਾਂ ਪਾਈਆਂ ਹਨ, ਉਸ ‘ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਵੇਗਾ? ਭਾਜਪਾ ਦੀ ਭੂਮਿਕਾ ਹੁਣ ਚੌਕੀਦਾਰ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਹੈ। ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਗ੍ਰਾਂਟੀਆਂ ‘ਤੇ ਨਜ਼ਰ ਰੱਖੇਗੀ। ਭਾਜਪਾ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਏਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਪਹਿਲੀ ਵਾਰ ਸੂਬੇ ‘ਚ ਇੰਨੇ ਉੱਚ ਪੱਧਰ ‘ਤੇ ਆਪਣੇ ਬਲਬੂਤੇ ‘ਤੇ ਚੋਣ ਲੜੀ ਹੈI ਸ਼ਰਮਾ ਨੇ ਪਾਰਟੀ ਦੀ ਤਰਫੋਂ ਵਰਕਰਾਂ ਅਤੇ ਜਨਤਾ ਦੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਪੰਜਾਬ ਵਿੱਚ ਵਰਕਰਾਂ ਵੱਲੋਂ ਮੁਸੀਬਤਾਂ ਦਾ ਸਾਹਮਣਾ ਕਰਨ ਅਤੇ ਪਾਰਟੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਦਿਖਾਈ ਦਲੇਰੀ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਹਮੇਸ਼ਾ ਉਨ੍ਹਾਂ ਦੀ ਰਿਣੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ 365 ਦਿਨ ਕੰਮ ਕਰਨ ਵਾਲੀ ਜਥੇਬੰਦੀ ਹੈ ਅਤੇ ਇਸ ਦੇ ਵਰਕਰ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਲੋਕਾਂ ਵਿੱਚ ਪਰਿਵਰਤਨ ਲਈ ਛਟਪਟਾਹਟ ਦਾ ਮਾਹੌਲ ਸੀ ਅਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਰਵਾਇਤੀ ਪਾਰਟੀਆਂ ਤੋਂ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਅਤੇ ਇਸ ਲਈ ਲੋਕਾਂ ਨੇ ਬਦਲਾਅ ਵਜੋਂ ਆਮ ਆਦਮੀ ਪਾਰਟੀ ਨੂੰ ਚੁਣਿਆ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 2022 ਦੀਆਂ ਚੋਣਾਂ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ, ਉਸੇ ਤਰ੍ਹਾਂ 2024 ਦੀਆਂ ਸੰਸਦੀ ਚੋਣਾਂ ‘ਚ ਵੀ ਭਾਜਪਾ ਦੇ ਰੂਪ ‘ਚ ਦੇਖਣ ਨੂੰ ਮਿਲੇਗਾ। ਭਾਜਪਾ ਦਾ ਭਵਿੱਖ ਬਹੁਤ ਉਜਵਲ ਹੈ ਅਤੇ ਇਸ ਦਾ ਨਤੀਜਾ ਜਨਤਾ ਨੂੰ 2024 ਵਿਚ ਦੇਖਣ ਨੂੰ ਮਿਲੇਗਾ। ਭਾਜਪਾ ਵਰਕਰ ਉਲਟ ਸਥਿਤੀਆਂ ਵਿੱਚ ਨਾ ਡਰਦਾ ਹੈ, ਨਾ ਝੁਕਦਾ ਹੈ ਅਤੇ ਨਾ ਹੀ ਰੁਕਦਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੂਰੇ ਦੇਸ਼ ‘ਚ ਇਕ ਸਮੇਂ ‘ਚ ਦੋ ਸੀਟਾਂ ਤੋਂ ਚੱਲ ਕੇ ਅੱਜ 300 ਤੋਂ ਵੱਧ ਸੀਟਾਂ ਪ੍ਰਚੰਡ ਬਹੁਮਤ ਨਾਲ ਜਿੱਤ ਕੇ ਦੇਸ਼ ਦੀ ਸੱਤਾ ‘ਤੇ ਪਹੁੰਚੀ ਹੈ, ਇਸੇ ਤਰ੍ਹਾਂ ਪੰਜਾਬ ਵਿੱਚ ਵੀ ਵਰਕਰਾਂ ਦੇ ਸਹਿਯੋਗ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਕੇ ਲੋਕਾਂ ਦੀ ਭਰੋਸੇਯੋਗਤਾ ‘ਤੇ ਖਰਾ ਉਤਰੇਗੀ ਅਤੇ 2024 ਵਿਚ ਵੀ ਇਸੇ ਟੀਚੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੂੰ ਵਿਸ਼ਵ ਗੁਰੂ ਅਤੇ ਵਿਸ਼ਵ ਸ਼ਕਤੀ ਬਣਾਉਣ ਵੱਲ ਹੋਰ ਤੇਜ਼ੀ ਨਾਲ ਅੱਗੇ ਵਧੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਸੇਵਾ ਸੰਗਠਨ ਨੂੰ ਲੈ ਕੇ ਪੂਰੇ ਦੇਸ਼ ਵਿਚ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਦੀ ਭਾਜਪਾ ਪ੍ਰਤੀ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇਗੀ।