ਭਾਰਤੀ ਚੋਣ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਵਿਰੁੱਧ ਚਲ ਰਹੇ ਅਪਰਾਧਿਕ ਮਾਮਲਿਆਂ ਬਾਰੇ ਜਾਂ ਜਿਹਨਾਂ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਬਾਰੇ ਪੂਰੀ ਜਾਣਕਾਰੀ ਆਪਣੀ ਪਾਰਟੀ ਅਤੇ ਆਮ ਲੋਕਾਂ ਨੂੰ ਅਖਬਾਰ ਅਤੇ ਬਿਜਲਈ ਮੀਡੀਆ ਰਾਹੀਂ ਦੇਣ। ਇਸ ਸਬੰਧੀ ਚੋਣ ਲੜਨ ਦੇ ਇਛੁੱਕ ਅਤੇ ਰਾਜਨੀਤਕ ਪਾਰਟੀਆਂ ਦੀ ਇਸ ਸਬੰਧੀ ਸ਼ੰਕਿਆਂ ਨੁੰ ਦੂਰ ਕਰਨ ਲਈ ਇਸ ਸਬੰਧੀ ਆਮ ਤੌਰ ਤੇ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਉਤਰ ਜਾਰੀ ਕੀਤੇ ਹਨ ਜੋ ਕਿ ਕਮਿਸ਼ਨ ਦੀ ਵੈਬਸਾਈਟ ’ਤੇ ਉਪਲੱਬਧ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਬੰਧਤ ਰਾਜਨੀਤਿਕ ਪਾਰਟੀ ਲਈ ਇਹ ਜ਼ਰੂਰੀ ਹੈ ਕਿ ਉਹ ਜੇਕਰ ਉਸ ਵੱਲੋਂ ਐਲਾਨੇ ਗਏ ਕਿਸੇ ਉਮੀਦਵਾਰ ਖਿਲਾਫ ਅਪਰਾਧਿਕ ਮਾਮਲੇ ਸੁਣਵਾਈ ਅਧੀਨ ਜਾਂ ਉਸ ਨੂੰ ਅਪਰਾਧਿਕ ਮਾਮਲੇ ਵਿੱਚ ਸਜਾ ਸੁਣਾਈ ਜਾ ਚੁੱਕੀ ਹੈ ਤਾਂ ਇਸ ਸਬੰਧੀ ਜਾਣਕਾਰੀ ਆਪਣੀ ਵੈਬਸਾਈਟ ਰਾਹੀਂ ਲੋਕਾਂ ਨੂੰ ਦੇਣ। ਉਹਨਾਂ ਕਿਹਾ ਕਿ ਇਹ ਕੌਮੀ ਅਤੇ ਰਾਜ ਪੱਧਰੀ ਦੋਨਾਂ ਤਰਾਂ ਦੀਆਂ ਰਾਜਨੀਤਿਕ ਪਾਰਟੀਆਂ ਲਈ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਪਾਰਟੀ ਵੱਲੋਂ ਚੋਣ ਲੜਨ ਲਈ ਚੁਣੇ ਗਏ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵਿਰੁੱਧ ਕਿੰਨੇ ਅਪਰਾਧਿਕ ਕੇਸ ਲੰਬਿਤ ਹਨ। (ਅਪਰਾਧ ਦੀ ਕਿਸਮ, ਅਤੇ ਸਬੰਧਤ ਜਾਣਕਾਰੀ ਜਿਵੇਂ ਕਿ ਆਇਤ ਕੀਤੇ ਗਏ ਦੋਸ਼, ਸਬੰਧਤ ਅਦਾਲਤ ਦਾ ਨਾਮ ਅਤੇ ਕੇਸ ਦਾ ਨੰਬਰ) ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀ ਨੂੰ ਇਹ ਵੀ ਸਪੱਸ਼ਟ ਕਰਨ ਹੋਵੇਗਾ ਕਿ ਸਾਫ ਸੁਥਰੀ ਦਿੱਖ ਵਾਲਾ ਉਮੀਦਵਾਰ ਚੁਣਨ ਦੀ ਥਾਂ ਅਪਰਾਧਿਕ ਪਿਛੋਕੜ ਵਾਲਾ ਉਮੀਦਵਾਰ ਕਿਉਂ ਚੁਣਿਆ ਗਿਆ ਅਤੇ ਇਹ ਵੀ ਸਪੱਸ਼ਟ ਕਰਨਾ ਹੋਵੇਗਾ ਕਿ ਚੁਣੇ ਗਏ ਉਮੀਦਵਾਰ ਦੀ ਵਿਦਿਅਕ ਯੋਗਤਾ ਅਤੇ ਮੈਰਿਟ ਕੀ ਸੀ ਜਿਸ ਕਾਰਨ ਉਸ ਨੂੰ ਚੋਣਾਂ ਵਿੱਚ ਉਤਾਰਿਆ ਗਿਆ ਹੈ ਨਾ ਕਿ ਸਿਰਫ ਇਹੀ ਦਰਸਾਇਆ ਜਾਵੇ ਕਿ ਇਹ ਜਿੱਤਣਯੋਗ ਸੀ।
ਮੁੱਖ ਚੋਣ ਅਫਸਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਉਮੀਦਵਾਰ ਬਣਾਏ ਗਏ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਬਾਰੇ ਆਪਣੇ ਅਧਿਕਾਰਤ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਜਾਣਕਾਰੀ ਦੇਣੀ ਹੋਵੇਗੀ ਜਿਵੇਂ ਕਿ ਫੇਸਬੁੱਕ ਅਤੇ ਟਵਿੱਟਰ ਸਮੇਤ। ਉਹਨਾਂ ਕਿਹਾ ਕਿ ਇਹ ਜਾਣਕਾਰੀ ਪਾਰਟੀ ਵੱਲੋਂ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਦੀ ਚੋਣ ਕਰਨ ਤੋਂ 48 ਘੰਟਿਆਂ ਦੇ ਵਿਚ ਜਾਂ ਫਿਰ ਨਾਮਜਦਗੀ ਪੱਤਰ ਦਾਖਿਲ ਕਰਨ ਦੇ ਪਹਿਲੇ ਦਿਨ ਤੋਂ ਘੱਟੋ ਘੱਟ 2 ਹਫ਼ਤੇ ਪਹਿਲਾਂ ਤੱਕ, ਜੋ ਵੀ ਪਹਿਲਾਂ ਹੋਵੇ, ਜਾਣਕਾਰੀ ਪ੍ਰਕਾਸ਼ਿਤ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਇਹ ਸਾਰੀ ਕਾਰਵਾਈ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 4 ਫਰਵਰੀ, 2022 ਤੋਂ ਲੈ ਕੇ ਵੋਟਾਂ ਪਾਉਣ ਲਈ ਤੈਅ ਸਮੇਂ ਤੋਂ 48 ਘੰਟੇ ਪਹਿਲਾਂ ਮੁਕੰਮਲ ਕੀਤੀ ਜਾਣੀ ਹੈ।
ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਨੂੰ ਤਿੰਨ-ਤਿੰਨ ਵਾਰ ਅਪਰਾਧਿਕ ਪਿਛੋਕੜ ਬਾਰੇ ਇਸ਼ਤਿਹਾਰ ਦੇਣਾ ਹੋਵੇਗਾ ਅਤੇ ਪਹਿਲੀ ਵਾਰੀ ਇਸ਼ਤਿਹਾਰ ਨਾਮਜਦਗੀ ਪੱਤਰ ਵਾਪਸ ਲੈਣ ਦੇ ਪਹਿਲੇ ਚਾਰ ਦਿਨਾਂ ਵਿੱਚ, ਦੂਸਰੀ ਵਾਰ ਇਸ ਤੋਂ ਅਗਲੇ 5-8 ਦਿਨਾਂ ਵਿਚਕਾਰ ਅਤੇ ਤੀਸਰੀ ਵਾਰ 9ਵੇਂ ਦਿਨ ਤੋਂ ਲੈ ਕੇ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਦੇਣਾ ਹੋਵੇਗਾ। ਟੈਲੀਵੀਜਨ ਚੈਨਲਾਂ ਉਤੇ ਅਪਰਾਧਕ ਪਿਛੋਕੜ ਬਾਰੇ ਪ੍ਰਚਾਰ ਕਰਨ ਲਈ ਸਮਾਂ ਸਵੇਰੇ 8 ਵਜੇਂ ਤੋਂ ਰਾਤ 10 ਵਜੇ ਤੱਕ ਤੈਅ ਕੀਤਾ ਗਿਆ ਹੈ ਅਤੇ ਇਸ ਦੀ ਭਾਸ਼ਾ ਸਥਾਨਕ ਜਾਂ ਅੰਗਰੇਜੀ ਹੋਵੇਗੀ।
https://www.facebook.com/thekhabarsaar/