… ਵਿਗਿਆਪਨਾਂ ‘ਤੇ ਪੈਸਾ ਖਰਚ ਕਰਨ ਦੀ ਬਜਾਏ ਲੋਕਾਂ ਉਤੇ ਪੈਸਾ ਖਰਚ ਕਰੇ ਕੈਪਟਨ : ਚੀਮਾ
… ਲੋਕਾਂ ਦੇ ਟੈਕਸ ਦਾ ਪੈਸਾ ਆਪਣੇ ਪ੍ਰਚਾਰ ਉਤੇ ਖਰਚ ਕਰ ਰਹੇ ਹਨ ਕੈਪਟਨ
ਚੰਡੀਗੜ੍ਹ, 18 ਮਾਰਚ 2021 – ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦੇ 4 ਸਾਲ ਪੂਰੇ ਹੋਣ ਉਤੇ ਕੀਤੀ ਜਾ ਰਹੀ ਇਸ਼ਹਿਤਾਰ ਬਾਜ਼ੀ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਲੋਕਾਂ ਦੀ ਬਾਂਹ ਨਹੀਂ ਫੜੀ ਹੁਣ ਜਦੋਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਇਸ਼ਤਿਹਾਰਬਾਜ਼ੀ ਕਰਕੇ ਝੂਠੀ ਵਾਹਬਾਜ਼ੀ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ 2017 ਵਿੱਚ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ। ਕੈਪਟਨ ਅਮਰਿੰਦਰ ਨੇ ਪੰਜਾਬ ਵਿੱਚੋਂ ਮਾਫੀਆ ਰਾਜ ਖਤਮ ਕਰਨ ਦਾ ਵਾਅਦਾ ਕੀਤਾ ਸੀ, ਸਗੋਂ ਸੱਤਾ ਵਿੱਚ ਬੈਠਦੇ ਹੋਏ ਹੀ ਕੈਪਟਨ ਨੇ ਇਕ ਤਰ੍ਹਾਂ ਸੁਰੱਖਿਆ ਇੰਚਾਰਜ ਵਜੋਂ ਆਪਣੀ ਡਿਊਟੀ ਨਿਭਾਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ਼ਤਿਹਾਰ ਰਾਹੀਂ ਸਿਹਤ ਵਿਭਾਗ ਦੀ ਝੂਠੀ ਬੱਲੇ-ਬੱਲੇ ਖਟ ਰਹੇ ਹਨ, ਜੇਕਰ ਕੈਪਟਨ ਨੇ ਸਿਹਤ ਵਿਭਾਗ ਵਿੱਚ ਸੱਚਮੁੱਚ ਐਨਾ ਵਿਕਾਸ ਦਾ ਕੰਮ ਕੀਤਾ ਤਾਂ ਫਿਰ ਇਹ ਵੀ ਸਪੱਸ਼ਟ ਕਰਨ ਦੇ ਉਨ੍ਹਾਂ ਦੇ ਮੰਤਰੀਆਂ ਨੂੰ ਆਪਣੇ ਸਰਕਾਰੀ ਹਸਪਤਾਲਾਂ ਉਤੇ ਕਿਉਂ ਯਕੀਨ ਨਹੀਂ ਹੈ, ਕਿਉਂ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਆਪਣਾ ਇਲਾਜ਼ ਕਰਵਾਉਂਦੇ ਹਨ।
ਕੈਪਟਨ ਸਰਕਾਰ ਨੇ ਜੇਕਰ ਸਿਹਤ ਵਿਭਾਗ ਵਿੱਚ ਕੁਝ ਕੀਤਾ ਤਾਂ ਇਹ ਕੀਤਾ ਕਿ ਸਰਕਾਰੀ ਹਸਪਤਾਲਾਂ ਦੀ ਜ਼ਮੀਨ ਨਿੱਜੀ ਹਸਪਤਾਲਾਂ ਨੂੰ ਸੋਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਸੱਚ ਸਾਹਮਣੇ ਆ ਚੁੱਕਿਆ ਹੈ ਕਿਵੇਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਨਾਤੇ ਉਸਦੇ ਪ੍ਰਚਾਰ ਉਤੇ ਉਸਤੋਂ ਵੀ ਜ਼ਿਆਦਾ ਪੈਸੇ ਖਰਚ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੇ ਝੂਠੇ ਪ੍ਰਚਾਰ ਤੋਂ ਗੁੰਮਰਾਹ ਨਹੀਂ ਹੋਣਗੇ। ਕੈਪਟਨ ਸਰਕਾਰ ਲੋਕਾਂ ਦਾ ਪੈਸਾ ਝੂਠਾ ਪ੍ਰਚਾਰ ਕਰਨ ਦੀ ਬਜਾਏ ਵਿਕਾਸ ਦੇ ਕੰਮਾਂ ਉਤੇ ਖਰਚ ਕਰੇ।