ਕੋਟਕਪੂਰਾ ਗੋਲੀ ਕਾਂਡ: ਕੈਪਟਨ ਸਰਕਾਰ ਅਦਾਲਤ ਵਿਚ ਕੇਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ‘ਚ ਹੋਈ ਫੇਲ੍ਹ – ਭਗਵੰਤ ਮਾਨ

… ਕੈਪਟਨ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਹੁਣ ਤੱਕ ਦੇ ਸਭ ਤੋਂ ਨਖਿੱਧ ਏਜੀ ਸਾਬਤ ਹੋਏ, ਪੰਜਾਬ ਦੇ ਇਕ ਵੀ ਮਾਮਲੇ ਨੂੰ ਅਦਾਲਤ ਵਿਚ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕੇ
… ਬਾਦਲ ਨੇ ਪਹਿਲਾਂ ਕੈਪਟਨ ਦੇ ਖਿਲਾਫ ਸੀਟੀ ਸੈਂਟਰ ਸਕੈਮ ਅਤੇ ਇੰਪਰੂਵਮੈਂਟ ਟਰਸੱਟ ਦੇ ਕੇਸ ਵਾਪਸ ਲਏ ਸਨ, ਹੁਣ ਕੈਪਟਨ ਉਸ ਨੂੰ ਵਿਆਜ਼ ਸਮੇਤ ਵਾਪਸ ਮੋੜ ਰਹੇ ਹਨ
… ਜਾਂਚ ਰਿਪੋਰਟ ਨੇ ਬਾਦਲਾਂ ਦੀ ਭੂਮਿਕਾ ਨੂੰ ਕੀਤਾ ਉਜਾਗਰ, ਉਨ੍ਹਾਂ ਦੇ ਕੁਕਰਮ ਸਾਹਮਣੇ ਆਏ
… ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਮੁੜ ਖੋਲਿਆ ਜਾਵੇਗਾ ਕੋਟਕਪੂਰਾ ਗੋਲੀ ਕਾਂਡ, ਪੰਜਾਬ ਦੇ ਲੋਕਾਂ ਨੂੰ ਮਿਲੇਗਾ ਇਨਸਾਫ

ਚੰਡੀਗੜ੍ਹ, 11 ਅਪ੍ਰੈਲ 2021 – ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਕੋਟਕਪੂਰਾ ਗੋਲੀ ਕਾਂਡ ਵਿਚ ਸਿੱਖ ਸੰਗਤ ਨੂੰ ਇਨਸਾਫ਼ ਦਿਵਾਉਣ ਵਿੱਚ ਫ਼ੇਲ ਹੋਈ ਹੈ, ਕਿਉਂਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੈਪਟਨ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ ਅਤੇ ਨਵੇਂ ਸਿਰੇ ਤੋਂ ਜਾਂਚ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਚ ਅਦਾਲਤ ਤੋਂ ਆਏ ਫ਼ੈਸਲੇ ਤੋਂ ਸਿੱਧ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਬੁਰੀ ਤਰਾਂ ਫ਼ੇਲ ਸਿੱਧ ਹੋਏ ਹਨ।

ਚੰਡੀਗੜ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦਾ ਐਡਵੋਕੇਟ ਜਨਰਲ ਅਤੁਲ ਨੰਦਾ 150 ਵਕੀਲਾਂ ਦੀ ਟੀਮ ਨਾਲ ਵੀ ਕੋਟਕਪੂਰਾ ਗੋਲੀ ਕਾਂਡ ਦਾ ਕੇਸ ਉਚ ਅਦਾਲਤ ਅੱਗੇ ਸਹੀ ਤਰੀਕੇ ਨਾਲ ਨਹੀਂ ਰੱਖ ਸਕੇ ਅਤੇ ਉਹ ਅੱਜ ਤੱਕ ਵੀ ਪੰਜਾਬ ਦੇ ਪੱਖ ਵਿੱਚ ਇੱਕ ਵੀ ਕੇਸ ਨਹੀਂ ਜਿੱਤ ਸਕੇ। ਪਾਰਟੀ ਪ੍ਰਧਾਨ ਨੇ ਸਵਾਲ ਕੀਤਾ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਸਿੱਖ ਸੰਗਤ ਨੂੰ ਇਨਸਾਫ਼ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਨਹੀਂ ਕਾਬਲ ਵਕੀਲ ‘ਚ ਭੇਜਿਆ, ਜਦੋਂ ਕਿ ਡੀ.ਜੀ.ਪੀ ਦਿਨਕਰ ਗੁਪਤਾ ਸਮੇਤ ਵੱਖ ਵੱਖ ਮਾਮਲਿਆਂ ਵਿੱਚ ਕੈਪਟਨ ਨੇ ਪੀ. ਚਿਦੰਮਬਰਮ ਜਿਹੇ ਮਹਿੰਗੇ ਐਡਵੋਕੇਟ ਅਦਾਲਤ ਵਿੱਚ ਭੇਜੇ ਸਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ‘ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ‘ਤੇ ਕੋਟਕਪੂਰਾ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਗੇ, ਪਰ ਕਾਂਗਰਸ ਸਰਕਾਰ ਦੇ ਚਾਰ ਸਾਲ ਬੀਤ ਜਾਣ ‘ਤੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ।

ਉਨਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਹੀ ਤਰੀਕੇ ਨਾਲ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਕਿਉਂਕਿ ਉਹ ਬਾਦਲਾਂ ਨੂੰ ਅਦਾਲਤ ਤੋਂ ਬਚਾਉਣਾ ਚਾਹੁੰਦੇ ਹਨ, ਜਦੋਂ ਕਿ ਪਹਿਲਾਂ ਨੇ ਬਾਦਲਾਂ ਨੇ ਵੱਖ ਵੱਖ ਮਾਮਲਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਚਾਅ ਕੀਤਾ ਸੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਸਬੰਧੀ ਬਣੀ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲ ਨਿਸ਼ਾਨੇ ਸਾਧੇ ਹਨ। ਇਸੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਹੀ ਤਰੀਕੇ ਨਾਲ ਅਦਾਲਤ ਵਿੱਚ ਨਹੀਂ ਰੱਖਿਆ ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਬਚਾਇਆ ਜਾ ਸਕੇ।

ਸੂਬਾ ਪ੍ਰਧਾਨ ਨੇ ਕਿਹਾ ਮਾਣਯੋਗ ਅਦਾਲਤ ਦੇ ਫ਼ੈਸਲੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਦੋਹਰੇ ਚਰਿੱਤਰ ਦਾ ਪਤਾ ਚੱਲਦਾ ਹੈ, ਜੋ ਇੱਕ ਪਾਸੇ ਤਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕਰਦੇ ਹਨ, ਪਰ ਦੂਜੇ ਪਾਸੇ ਜਾਂਚ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਲੋਕਾਂ ਨੂੰ ਬਚਾਉਣ ‘ਚ ਲੱਗੇ ਹੋਏ ਹਨ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ। ਭਗਵੰਤ ਮਾਨ ਨੇ ਦੁਹਰਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਕੋਟਕਪੂਰਾ ਕਾਂਢ ਦੀ ਮੁੜ ਸਹੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਨੂੰ ਕੇਸ ਨੂੰ ਅਦਾਲਤ ਵਿੱਚ ਸਹੀ ਪੇਸ਼ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਲਬੀਰ ਸਿੱਧੂ ਵੱਲੋਂ ਕੋਵਿਡ-19 ਟੀਕਾਕਰਨ ਕੇਂਦਰਾਂ ਦੀ ਅਚਨਚੇਤ ਚੈਕਿੰਗ

ਕੇਂਦਰ ਸਰਕਾਰ ਵੱਲੋਂ ਕੋਰੋਨਾ ਟੀਕੇ ਦੀਆਂ ਹੋਰ 4 ਲੱਖ ਖੁਰਾਕਾਂ ਦੀ ਤਾਜ਼ਾ ਖੇਪ ਭੇਜੇਗੀ ਜਾਵੇਗੀ ਪੰਜਾਬ