ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਫ਼ੋਕੇ ਐਲਾਨਾਂ ਦੀ ਜ਼ਮੀਨੀ ਹਕੀਕਤ ਕਬੂਲ ਕਰਨ ਲੱਗ ਪਏ ਹਨ। ਚੀਮਾ ਮੁਤਾਬਕ ਚੰਨੀ ਕੈਬਨਿਟ ਵੱਲੋਂ ਸੂਬੇ ਦੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹਕੀਕਤ ਨੂੰ ਮੁੱਖ ਮੰਤਰੀ ਚੰਨੀ ਨੇ ਹੀ ਪਰਦਾਫ਼ਾਸ਼ ਕਰ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਜਨਤਕ ਤੌਰ ‘ਤੇ ਸੱਚ ਬੋਲਣਾ ਪੈ ਗਿਆ ਹੈ ਕਿ 36,000 ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਅਸੀਂ ਕਹਿੰਦੇ ਆ ਰਹੇ ਹਾਂ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਚੀਮਾ ਨੇ ਕਿਹਾ ਕਿ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਚੰਨੀ ਅਤੇ ਸਮੁੱਚੀ ਕਾਂਗਰਸ ਸਰਕਾਰ ਨੂੰ ਖੁੱਲੀ ਚੁਣੌਤੀ ਦਿੰਦੇ ਆ ਰਹੇ ਹਨ ਕਿ 36 ਹਜ਼ਾਰ ਤਾਂ ਦੂਰ ਸਿਰਫ਼ 36 ਮੁਲਾਜ਼ਮਾਂ ਦੇ ਨਾਂਅ ਹੀ ਦੱਸ ਦੇਣ, ਜਿਨਾਂ ਦੀਆਂ ਸੇਵਾਵਾਂ ਚੰਨੀ ਸਰਕਾਰ ਨੇ ਪੱਕੀਆਂ ਕੀਤੀਆਂ ਹੋਣ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਮਜ਼ੋਰ ਮੁੱਖ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਚੰਨੀ ਦੀ ‘ਫੈਂਕੂ ਆਦਤ’ ਨੂੰ ਭਾਂਪ ਕੇ ਸੂਬੇ ਦੀ ਅਫ਼ਸਰਸ਼ਾਹੀ ਵੀ ਚੰਨੀ ਦੇ ਕੰਟਰੋਲ ਵਿੱਚ ਨਹੀਂ ਰਹੀ, ਜਦਕਿ ਕੁਰਸੀ ਦੇ ਕਾਟੋ-ਕਲੇਸ਼ ਕਾਰਨ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਪਹਿਲੇ ਦਿਨ ਤੋਂ ਵੀ ਬੇਕਾਬੂ ਚਲੇ ਆ ਰਹੇ ਹਨ। ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਗੰਭੀਰਤਾ ਅਤੇ ਸਹੀ ਨੀਤੀ- ਨੀਅਤ ਨਾਲ ਅੱਗੇ ਵਧਾਈ ਹੁੰਦੀ ਤਾਂ ਪੰਜਾਬ ਦੇ ਰਾਜਪਾਲ ਵੱਲੋਂ ਇਹ ਫਾਇਲ ਲਟਕਾਉਣ ਦਾ ਕੋਈ ਠੋਸ ਕਾਰਨ ਨਹੀਂ ਰਹਿ ਜਾਂਦਾ। ਉਨਾਂ ਕਿਹਾ ਕਿ cm ਚੰਨੀ ਸਫ਼ਾਈ ਦੇ ਰਹੇ ਹਨ ਕਿ ਪੰਜਾਬ ਦੇ ਰਾਜਪਾਲ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਫ਼ਾਇਲ ‘ਤੇ ਦਸਤਖ਼ਤ ਨਹੀਂ ਕਰ ਰਹੇ, ਜੇਕਰ ਅਜਿਹਾ ਨਾ ਕੀਤਾ ਤਾਂ ਉਹ ਪੂਰੀ ਕੈਬਨਿਟ ਸਮੇਤ ਪੰਜਾਬ ਰਾਜ ਭਵਨ (ਰਾਜਪਾਲ ਨਿਵਾਸ) ਮੂਹਰੇ ਧਰਨਾ ਲਾਉਣਗੇ।
ਚੀਮਾ ਨੇ ਸਵਾਲ ਕੀਤਾ ਕਿ ਉਸ ਸਰਕਾਰ ਵੱਲੋਂ ਕੀ ਧਰਨਾ ਲਾਉਣ ਨਾਲ ਮਸਲਾ ਹੱਲ ਹੋ ਜਾਵੇਗਾ, ਜਿਸ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਧਰਨੇ ਲੱਗ ਰਹੇ ਹਨ? ਸਵਾਲ ਇਹ ਉਠੇਗਾ ਕਿ ਜੋ ਸਰਕਾਰ ਸੂਬੇ ਭਰ ਵਿੱਚ ਵੱਖ- ਵੱਖ ਵਰਗਾਂ ਵੱਲੋਂ ਲਾਏ ਜਾ ਰਹੇ ਰੋਸ ਧਰਨਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਉਲਟਾ ਧਰਨਾਕਾਰੀਆਂ ਉਤੇ ਲਾਠੀਚਾਰਜ ਅਤੇ ਕੇਸ ਦਰਜ ਕਰਦੀ ਹੈ, ਉਸ ਸਰਕਾਰ ਵੱਲੋਂ ਲਾਏ ਧਰਨੇ ਨੂੰ ਰਾਜਪਾਲ ਪੰਜਾਬ ਕਿੰਨਾ ਕੁ ਗੰਭੀਰਤਾ ਨਾਲ ਲੈਣਗੇ? ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਸਲਾਹ ਦਿੱਤੀ ਕਿ ਉਨਾਂ ਦੇ ਫ਼ੋਕੇ ਐਲਾਨਾਂ ਦੀ ਪੋਲ ਖੁੱਲ ਚੁੱਕੀ ਹੈ, ਇਸ ਲਈ ਉਨਾਂ ਨੂੰ ਰਾਜ ਭਵਨ ਮੂਹਰੇ ਧਰਨਾ ਲਾਉਣ ਦੀ ਥਾਂ ਨੈਤਿਕਤਾ ਦੇ ਆਧਾਰ ‘ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਸੰਬੰਧੀ ਪੂਰੇ ਪੰਜਾਬ ‘ਚ ਲਾਏ ਬੋਰਡਾਂ ‘ਤੇ ਹੋਏ ਸਰਕਾਰੀ ਖ਼ਰਚ ਦੀ ਭਰਪਾਈ ਆਪਣੀ ਜੇਬ ‘ਚੋਂ ਭਰ ਕੇ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਚੰਨੀ ਵੱਲੋਂ 100 ਦਿਨਾਂ ‘ਚ 100 ਕੰਮ ਕਰਨ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਝੂਠੇ ਐਲਾਨ ਦੀ ਤਰਾਂ ਹੀ ਹੈ।
https://www.facebook.com/thekhabarsaar/