ਨਾਂਦੇੜ, 30 ਮਾਰਚ 2021 – ਮਹਾਰਾਸ਼ਟਰ ਸਥਿਤ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੀਤੇ ਦਿਨ ਸਿੱਖ ਸ਼ਰਧਾਲੂਆਂ ਅਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ ਹੈ, ਜਿਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਕਤਲ ਦੀ ਕੋਸ਼ਿਸ਼ ਕਰਨ ਦੀ ਧਾਰਾ ਵੀ ਜੋੜੀ ਗਈ ਹੈ। ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਮਨਾ ਰਹੇ ਸ਼ਰਧਾਲੂਆਂ ਦੀ ਪੁਲਿਸ ਨਾਲ ਝੜਪ ਹੋ ਗਈ ਜਿਸ ‘ਚ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਦੌਰਾਨ ਸਰਕਾਰੀ ਤੇ ਨਿੱਜੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ, ਸਿੱਖ ਸ਼ਰਧਾਲੂ ਹੋਲੇ ਮੁਹੱਲੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਹਜ਼ੂਰ ਸਾਹਿਬ ‘ਚ ‘ਹੱਲਾ ਬੋਲ’ ਯਾਤਰਾ ਕੱਢਣ ਦਾ ਪ੍ਰੋਗਰਾਮ ਸੀ, ਪਰ ਪ੍ਰਸ਼ਾਸਨ ਨੇ ਕੋਵਿਡ ਕਾਰਨ ਇਸ ਯਾਤਰਾ ਦੀ ਆਗਿਆ ਨਹੀਂ ਦਿੱਤੀ ਤੇ ਜਿਸ ਦੌਰਾਨ ਝੜਪ ਹੋਈ।
ਨਾਂਦੇੜ ਦੇ ਐੱਸਪੀ ਵਿਨੋਦ ਸ਼ਿਵਾਦੇਹ ਅਨੁਸਾਰ ਇਹ ਤੈਅ ਹੋਇਆ ਸੀ ਕਿ ਯਾਤਰਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕੱਢੀ ਜਾਏਗੀ ਪਰ ਬਾਅਦ ‘ਚ ਦੋ ਗਰੁੱਪਾਂ ਦੇ ਆਪਸੀ ਮਤਭੇਦਾਂ ਕਾਰਨ ਸਾਰੀ ਘਟਨਾ ਵਾਪਰੀ। ਜਿੰਨ੍ਹਾਂ ‘ਚੋਂ ਇੱਕ ਗੁੱਟ ਪੁਲਿਸ ਦੁਆਰਾ ਗੁਰਦੁਆਰਾ ਸਾਹਿਬ ਦੇ ਗੇਟ ਮੂਹਰੇ ਕੀਤੀ ਬੈਰੀਕੇਡਿੰਗ ਤੋੜ ਕੇ ਬਾਹਰ ਬਜ਼ਾਰ ‘ਚ ਆ ਗਿਆ ਤੇ ਜਿਸ ‘ਚ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਅਤੇ ਸਰਕਾਰੀ ਤੇ ਨਿੱਜੀ ਪ੍ਰਾਪਰਟੀ ਦਾ ਵੀ ਨੁਕਸਾਨ ਹੋਇਆ।
ਨਾਂਦੇੜ ਰੇਂਜ ਦੇ ਡੀਆਈਜੀ ਨਿਸਾਰ ਤੰਬੋਲੀ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਬੇਹੱਦ ਖ਼ਰਾਬ ਹਨ, ਜਿਸ ਕਾਰਨ ਸਿੱਖਾਂ ਨੂੰ ਹੋਲਾ ਮੁਹੱਲਾ ਸਬੰਧੀ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਨਿਰਦੇਸ਼ਾਂ ਦਾ ਪਾਲਨ ਕਰਨਗੇ ਅਤੇ ਸਾਰਾ ਸਮਾਗਮ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਰਨਗੇ ਪਰ ਕਈ ਜਣੇ ਨਗਰ ਕੀਰਤਨ ਸਜਾਉਣ ਲਈ ਬਜ਼ਿੱਦ ਸਨ ਅਤੇ ਤਕਰੀਬਨ 300 ਲੋਕਾਂ ਨੇ ਬੈਰੀਕੇਡ ਤੋੜ ਦਿੱਤੇ ਤੇ ਪੁਲਿਸ ‘ਤੇ ਹੱਲਾ ਬੋਲ ਦਿੱਤਾ।