ਕੈਪਟਨ ਅਮਰਿੰਦਰ ਖਵਾਉਣਗੇ ਮਨੋਹਰ ਲਾਲ ਖੱਟਰ ਨੂੰ ਲੱਡੂ, ਮੰਨ ਲੈਣ ਬਸ ਇੱਕ ਗੱਲ !

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿਚ ਆਪਣੇ ਹਮਰੁਤਬਾ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਜ਼ਿੰਮੇਵਾਰੀ ਪੰਜਾਬ ਦੇ ਸਿਰ ਸੁੱਟ ਕੇ ਸ਼ਾਂਤਮਈ ਰੋਸ ਪ੍ਰਗਟਾ ਰਹੇ ਕਿਸਾਨਾਂ ਉਤੇ ਕੀਤੇ ਗਏ ਅਪਰਾਧਿਕ ਹਮਲੇ ਦਾ ਪੱਖ ਪੂਰਨ ਦੀ ਕਰੜੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਮ.ਐਲ. ਖੱਟਰ ਦੀਆਂ ਟਿੱਪਣੀਆਂ ਨੇ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦਾ ਪਰਦਾਫਾਸ਼ ਕਰ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਨੇ ਐਮ.ਐਲ. ਖੱਟਰ ਅਤੇ ਉਨਾਂ ਦੇ ਡਿਪਟੀ ਦੁਸ਼ਅੰਤ ਚੌਟਾਲਾ ਨੂੰ ਚੇਤੇ ਕਰਵਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨਾਂ ਉਤੇ ਡਾਂਗਾਂ ਦਾ ਮੀਂਹ ਵਰਾਇਆ ਗਿਆ ਸੀ, ਉਹ ਪੰਜਾਬ ਦੇ ਨਹੀਂ ਹਰਿਆਣਾ ਦੇ ਕਿਸਾਨ ਸਨ। ਕੈਪਟਨ ਅਮਰਿੰਦਰ ਨੇ ਇਹ ਪ੍ਰਤੀਕਿਰਿਆ ਖੱਟਰ ਅਤੇ ਚੌਟਾਲਾ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਪਿੱਛੇ ਪੰਜਾਬ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਦੇ ਸੰਦਰਭ ਵਿਚ ਦਿੱਤੀ।

ਕਿਸਾਨਾਂ ਦੀ ਨਾਰਾਜ਼ਗੀ ਲਈ ਸਿੱਧੇ ਤੌਰ ਉਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਕਟ ਇਸ ਹੱਦ ਤੱਕ ਗਹਿਰਾ ਨਾ ਹੁੰਦਾ, ਜੇਕਰ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਣੇ ਭਾਰਤੀ ਜਨਤਾ ਪਾਰਟੀ ਨੇ ਸ਼ਾਂਤਮਈ ਕਿਸਾਨਾਂ ਉਤੇ ਹੋਏ ਘਿਨਾਉਣੇ ਹਮਲੇ ਲਈ ਸ਼ਰਮਨਾਕ ਢੰਗ ਨਾਲ ਝੂਠ ਬੋਲਣ ਦੀ ਬਜਾਏ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦਿੱਤਾ ਹੁੰਦਾ ਅਤੇ ਉਨਂ ਦੀ ਪੀੜਾ ਦਾ ਅਹਿਸਾਸ ਕੀਤਾ ਹੁੰਦਾ। ਉਨਾਂ ਨੇ ਖੱਟਰ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਵਿਚ ਗੜਬੜੀ ਪੈਦਾ ਕੀਤੇ ਜਾਣ ਤੋਂ ਬਾਅਦ ਹੀ ਹਰਿਆਣਾ ਪੁਲੀਸ ਨੇ ਆਪਣੇ ਬਲ ਦੀ ਵਰਤੋਂ ਕੀਤੀ ਸੀ।

ਉਨਾਂ ਕਿਹਾ ਕਿ ਐਸ.ਡੀ.ਐਮ. ਵੱਲੋਂ ਕਿਸਾਨਾਂ ਉੱਤੇ ਕਾਰਵਾਈ ਕਰਨ ਲਈ ਪੁਲੀਸ ਮੁਲਾਜ਼ਮਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੇ ਜਾਣ ਦੀ ਵਾਇਰਲ ਹੋਈ ਵੀਡੀਓ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਝੂਠਾਂ ਦੇ ਪਾਜ ਉਧੇੜ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ,”ਐਸ.ਡੀ.ਐਮ. ਇਹ ਗੱਲ ਕਿਸ ਤਰਾਂ ਜਾਣਦਾ ਹੈ ਕਿ ਕਿਸਾਨਾਂ ਦਾ ਇਰਾਦਾ ਪੱਥਰ ਆਦਿ ਸੁੱਟਣ ਦਾ ਹੈ, ਜਿਵੇਂ ਕਿ ਖੱਟਰ ਨੇ ਦਾਅਵਾ ਕੀਤਾ ਹੈ?”

ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਨੇਤਾਵਾਂ ਨੂੰ ਕਿਹਾ, “ਤਹਾਨੂੰ ਇਹ ਨਹੀਂ ਦਿਸਦਾ ਕਿ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਉਨਾਂ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਤੁਹਾਡੀ ਪਾਰਟੀ ਵੱਲੋਂ ਟੱਸ ਤੋਂ ਮੱਸ ਨਾ ਹੋਣ ਕਰਕੇ ਉਹ ਤੁਹਾਡੇ ਉਤੇ ਖਫਾ ਹਨ?” ਉਨਾਂ ਅੱਗੇ ਕਿਹਾ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਉਨਾਂ ਨੂੰ ਆਪਣੇ ਆਪ ਦੀ ਅਤੇ ਪਰਿਵਾਰਾਂ ਦੀ ਰਾਖੀ ਲਈ ਪੰਜਾਬ ਜਾਂ ਕਿਸੇ ਹੋਰ ਸੂਬੇ ਦੀ ਚੁੱਕ ਵਿਚ ਆਉਣ ਦੀ ਲੋੜ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਦੀ ਮਹਾਮਾਰੀ ਦੇ ਦਰਮਿਆਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਗੈਰ-ਜਮਹੂਰੀ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਸਮੁੱਚੇ ਮੁਲਕ ਦੀ ਸੰਵੇਦਨਾ ਕਿਸਾਨਾਂ ਦੇ ਨਾਲ ਹੈ। ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੀ ਭਾਜਪਾ ਦੀ ਹੱਠਧਰਮੀ ਇਹ ਸਿੱਧ ਕਰਦੀ ਹੈ ਕਿ ਇਸ ਵਿਚ ਭਾਜਪਾ ਅਤੇ ਉਨਾਂ ਦੀ ਲੀਡਰਸ਼ਿਪ ਦੇ ਸੌੜੇ ਹਿੱਤ ਛੁਪੇ ਹੋਏ ਹਨ ਜੋ ਇਕ ਵਾਰ ਫੇਰ ਆਮ ਆਦਮੀ ਉਤੇ ਆਪਣੇ ਪੂੰਜੀਪਤੀ ਮਿੱਤਰਾਂ ਦਾ ਗਲਬਾ ਪਵਾਉਣਾ ਚਾਹੁੰਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਸੈਕਟਰ ਵਿੱਚ ਤੁਹਾਡੀ ਪਾਰਟੀ ਵੱਲੋਂ ਪੈਦਾ ਕੀਤੀ ਗੜਬੜੀ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਤੁਸੀਂ ਖੇਤੀ ਕਾਨੂੰਨ ਰੱਦ ਕਰੋ। ਉਨਾਂ ਨੇ ਚਿਤਾਵਨੀ ਦਿੱਤੀ ਕਿ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਇਸ ਤੋਂ ਬਾਅਦ ਹੋਰ ਚੋਣਾਂ ਦੌਰਾਨ ਭਾਜਪਾ ਨੂੰ ਆਪਣੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਖੱਟਰ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਜਬਰੀ ਖਤਮ ਕਰਨ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਭਾਜਪਾ ਦੇ ਵੱਖ-ਵੱਖ ਆਗੂਆਂ ਵੱਲੋਂ ਕਿਸਾਨਾਂ ਲਈ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕਰਨਾ, ਉਨਾਂ ਦੀ ਪਾਰਟੀ ’ਤੇ ਹੀ ਪੁੱਠਾ ਪਵੇਗਾ।

ਇਹ ਯਾਦ ਕਰਦਿਆਂ ਕਿ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਵੱਲ ਕੂਚ ਕਰਨ ਤੋਂ ਪਹਿਲਾਂ ਦੋ ਮਹੀਨੇ ਪੰਜਾਬ ਭਰ ਵਿੱਚ ਰੋਸ ਪ੍ਰਦਰਸਨ ਕੀਤੇ ਸਨ, ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਰਾਜ ਵਿੱਚ ਇਸ ਸਮੇਂ ਦੌਰਾਨ ਹਿੰਸਾ ਦੀ ਇੱਕ ਵੀ ਘਟਨਾ ਨਹੀਂ ਵੇਖੀ ਗਈ। ਉਨਾਂ ਅੱਗੇ ਕਿਹਾ “ਹਾਲ ਹੀ ਵਿੱਚ, ਜਦੋਂ ਗੰਨਾ ਕਾਸ਼ਤਕਾਰਾਂ ਨੇ ਵਿਰੋਧ ਪ੍ਰਦਰਸਨ ਕੀਤੇ ਤਾਂ ਅਸੀਂ ਉਨਾਂ ਨੂੰ ਦਬਾਉਣ ਲਈ ਤਾਕਤ ਦੀ ਅੰਨੇਵਾਹ ਵਰਤੋਂ ਕਰਨ ਦੀ ਬਜਾਏ ਉਨਾਂ ਨਾਲ ਗੱਲਬਾਤ ਕੀਤੀ ਅਤੇ ਮਸਲਾ ਹੱਲ ਕੀਤਾ।”

ਗੰਨਾ ਕਾਸ਼ਤਕਾਰਾਂ ਦੇ ਵਿਰੋਧ ਦਾ ਹੱਲ ਕੀਤੇ ਜਾਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖੁਆਉਣ ’ਤੇ ਖੱਟਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, “ਤੁਸੀਂ ਖੇਤੀਬਾੜੀ ਕਾਨੂੰਨ ਰੱਦ ਕਰ ਦਿਉ ਅਤੇ ਫੇਰ ਨਾ ਸਿਰਫ ਕਿਸਾਨ ਸਗੋਂ ਮੈਂ ਵੀ ਤੁਹਾਨੂੰ ਲੱਡੂ ਖੁਆਵਾਂਗਾ।” ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਅਤੇ ਉਨਾਂ ਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨਾਲ ਡਟ ਕੇ ਖੜੇ ਹਨ ਅਤੇ ਇੱਥੋਂ ਤੱਕ ਕਿ ਭਾਜਪਾ ਦੀ ਬੇਰੁਖ਼ੀ ਕਾਰਨ ਦਿੱਲੀ ਦੀਆਂ ਸਰਹੱਦਾਂ ’ਤੇ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਅਤੇ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਉਨਾਂ ਕਿਹਾ, “ਇੱਕ ਸਰਕਾਰ ਜਾਂ ਇਕ ਰਾਜਨੀਤਿਕ ਪਾਰਟੀ ਜੋ ਆਪਣੀ ਨਿਗਰਾਨੀ ਹੇਠ ਅਜਿਹੀਆਂ ਘਟਨਾਵਾਂ ਦੇ ਵਾਪਰਨ ਅਤੇ ਕੀਮਤੀ ਜਾਨਾਂ ਦੇ ਨੁਕਸਾਨ ਦੀ ਆਗਿਆ ਦਿੰਦੀ ਹੋਵੇ, ਜ਼ਿਆਦਾ ਦੇਰ ਟਿਕ ਨਹੀਂ ਸਕਦੀ। ਉਨਾਂ ਨੇ ਭਾਜਪਾ ਨੂੰ ਸਖ਼ਤ ਚਿਤਵਾਨੀ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਆਪਣੇ ਹਊਮੈ ਨੂੰ ਛੱਡ ਕੇ ਦੇਸ਼ ਦੇ ਅੰਨਦਾਤਾ ਦੀਆਂ ਤਕਲੀਫ਼ਾਂ ਵੱਲ ਧਿਆਨ ਦਿਓ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਮੁੱਖ ਮੰਤਰੀ ਨਹੀਂ ਬਲਕਿ ਸਿੱਧਾ ਸੋਨੀਆ ਗਾਂਧੀ ਦੇ ਘਰ ਬਾਹਰ ਲਾਉਣਗੇ ਕੱਚੇ ਮੁਲਾਜ਼ਮ ਡੇਰਾ !

ਪੁਲਿਸ ਹੱਥ ਲੱਗਿਆ 100 ਕਰੋੜ ਦਾ ਨਸ਼ਾ, ਦੇਖੋ ਤੇ ਸਮਝੋ ਕਿੱਥੋਂ ਆ ਰਿਹਾ ਨਸ਼ਾ…