ਹਰ ਸਾਲ ਵਧੇਗੀ ਤਨਖ਼ਾਹ, ਇਸ ਵਾਰ ਮੁੱਖ ਮੰਤਰੀ ਨਵੀਂ ਸਕੀਮ ਦਾ ਨੋਟੀਫਿਕੇਸ਼ਨ ਵੀ ਨਾਲ ਲੈ ਕੇ ਆਏ

ਆਪਣੇ ‘ਤੇ ਉੱਠ ਰਹੀ ਹਰ ਉਂਗਲ ਦਬਾਉਣ ਲਈ ਮੁੱਖ ਮੰਤਰੀ ਆਪਣੇ ਫੈਸਲਿਆਂ ਦੀ ਕਾਪੀ ਨਾਲ ਲੈਕੇ ਜਾ ਰਹੇ ਹਨ ਅਤੇ ਜੋ ਨਵੀਂ ਸਕੀਮ ਲਾਗੂ ਕੀਤੀ ਜਾ ਰਹੀ ਉਸਦਾ ਨੋਟੀਫਿਕੇਸ਼ਨ ਵੀ ਨਾਲ ਹੀ ਲੈ ਕੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਆਂਗਣਵਾੜੀ ਵਰਕਰਾਂ ਦੀ ਭਲਾਈ ਲਈ ਸੂਬੇ ਭਰ ਦੀਆਂ 53000 ਤੋਂ ਵੱਧ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਹ ਸਾਰੇ ਕਰਮਚਾਰੀ ਹੁਣ 1 ਜਨਵਰੀ, 2023 ਤੋਂ ਆਪਣੇ ਸਾਲਾਨਾ ਮਾਣ ਭੱਤੇ ਵਿੱਚ ਨਿਯਮਤ ਵਾਧੇ ਲਈ ਯੋਗ ਹੋਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ 67 ਸਫ਼ਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ।

ਮੋਰਿੰਡਾ ਦੀ ਅਨਾਜ ਮੰਡੀ ਵਿਖੇ ਆਂਗਣਵਾੜੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਤੋਂ ਆਂਗਣਵਾੜੀ ਵਰਕਰਾਂ ਦੀ ਮਾਸਿਕ ਤਨਖਾਹ 8100 ਰੁਪਏ ਤੋਂ ਵਧਾ ਕੇ 9500 ਰੁਪਏ, ਮਿੰਨੀ ਆਂਗਣਵਾੜੀ ਵਰਕਰਾਂ ਨੂੰ 5300 ਰੁਪਏ ਤੋਂ ਵਧਾ ਕੇ 6300 ਰੁਪਏ ਅਤੇ ਹੈਲਪਰਾਂ ਦੀ ਤਨਖਾਹ 4050 ਰੁਪਏ ਤੋਂ ਵਧਾ ਕੇ 5100 ਰੁਪਏ ਕੀਤੀ ਜਾਵੇਗੀ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਦੇ ਮਾਣਭੱਤੇ ਵਿੱਚ ਹਰ ਸਾਲ 500 ਰੁਪਏ ਦਾ ਵਾਧਾ ਕੀਤਾ ਜਾਵੇਗਾ ਜਦਕਿ ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ 250 ਰੁਪਏ ਦਾ ਵਾਧਾ ਕੀਤਾ ਜਾਵੇਗਾ।

ਆਂਗਣਵਾੜੀ ਵਰਕਰਾਂ ਨੂੰ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਸੂਬਾ ਸਰਕਾਰ ਦੀ ਤਰਜੀਹ ਹੈ। ਚੰਨੀ ਨੇ ਕਿਹਾ, “ਇਸ ਤੋਂ ਪਹਿਲਾਂ ਵੀ, ਸਮਾਜ ਦੇ ਇਸ ਮਹੱਤਵਪੂਰਨ ਵਰਗ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੇ ਹਿੱਸੇ ਵਜੋਂ 67000 ਤੋਂ ਵੱਧ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਸੀ।”

ਹਾਲ ਹੀ ਵਿੱਚ ਕੋਵਿਡ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਕਿਸੇ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਕੋਲ ਢੁਕਵਾਂ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੌਜੂਦ ਹੈ। ਆਪਣੀ ਸਰਕਾਰ ਵੱਲੋਂ ਕੀਤੇ ਗਏ ਲੋਕ- ਪੱਖੀ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ, ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਕਟੌਤੀ ਕੀਤੀ ਗਈ ਅਤੇ ਪਾਣੀ ਸਬੰਧੀ ਖਰਚੇ ਘਟਾ ਕੇ 50 ਰੁਪਏ ਕੀਤੇ ਗਏ। ਚੰਨੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਸੂਬਾ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਉਹਨਾਂ ਨੂੰ ਵਾਪਸ ਮੋੜਨ ਸਬੰਧੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਉਹਨਾਂ ਔਰਤਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਹੈ, ਜਿਹਨਾਂ ਨੂੰ ਪੇਸ਼ੇਵਰ ਜਿੰਮੇਵਾਰੀਆਂ ਦੇ ਨਾਲ ਨਾਲ ਘਰੇਲੂ ਕੰਮਕਾਜ ਦਾ ਵੀ ਖਿਆਲ ਰੱਖਣਾ ਪੈਂਦਾ ਹੈ, ਇਸ ਲਈ ਉਹ ਆਪਣੇ ਮਾਸਿਕ ਵਿੱਤੀ ਲਾਭਾਂ (ਭੱਤੇ) ਵਿੱਚ ਵੱਡੇ ਵਾਧੇ ਦੀਆਂ ਹੱਕਦਾਰ ਹਨ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਇਸ ਵਾਧੇ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਆਂਗਣਵਾੜੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋੜ ਦੀ ਘੜੀ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵੇਂ ਡਾਕਟਰ ਸੰਭਾਲਣਗੇ ਪੰਜਾਬ ਦੀ ਸਿਹਤ, ਸਿਹਤ ਮੰਤਰੀ ਨੇ ਜਾਰੀ ਕੀਤੇ ਨਿਯੁਕਤੀ ਪੱਤਰ

ਰਾਤ ਦੇ ਕਰਫ਼ਿਊ ਤੇ ਬੰਦ ਬਾਰੇ ਪੜ੍ਹਿਆ ਪਰ ਆਹ ਪੜ੍ਹੋ ਕੀ ਕੀ ਖੁੱਲ੍ਹਾ ਰਹੇਗਾ !