ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਨਾਇਕ ਮੋੜ ਵਜੋਂ ਚੇਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੰਜ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਅੰਦੋਲਨ ਨੇ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕ-ਹਕੂਕ ਕਾਇਮ ਰੱਖੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹਰੇਕ ਦੇਸ਼ ਵਾਸੀ ਨੂੰ ਲੋਕਤੰਤਰ ਅਤੇ ਮਾਨਵੀ ਅਧਿਕਾਰਾਂ ਦੀ ਖਾਤਰ ਸ਼ਾਂਤਮਈ ਢੰਗ ਨਾਲ ਸੰਘਰਸ਼ ਲੜਨ ਲਈ ਸਦਾ ਪ੍ਰੇਰਿਤ ਕਰਦਾ ਰਹੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਮੁਲਕ ਦੇ ਅੰਨਦਾਤਿਆਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੀ ਹੈ।ਮੁੱਖ ਮੰਤਰੀ ਨੇ ਦੁਹਰਾਇਆ ਕਿ ਸਮੂਹ ਪੰਜਾਬੀ ਖਾਸ ਕਰਕੇ ਕਿਸਾਨਾਂ ਨੂੰ ਅਵੇਸਲੇ ਹੋਣ ਦੀ ਬਜਾਏ ਓਦੋਂ ਤੱਕ ਚੌਕਸ ਰਹਿਣਾ ਚਾਹੀਦਾ ਹੈ, ਜਦੋਂ ਤੱਕ ਇਹ ਘਿਨਾਉਣੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਹੁਣ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਨਵੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਸਵਾਗਤ ਕਰ ਰਹੇ ਲੀਡਰਾਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਖੌਤੀ ਕੌਮੀ ਨੇਤਾ ਪੰਜਾਬ ਵਿਰੁੱਧ ਘੜੇ ਜਾ ਰਹੇ ਮਨਸੂਬਿਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਹਨ। ਮੁੱਖ ਮੰਤਰੀ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹੀਆਂ ਖੁਸ਼ੀਆਂ ਜ਼ਾਹਰ ਕਰਨ ਪਿੱਛੇ ਤਰਕ ਦੇਣ ਦਾ ਸਵਾਲ ਕਰਦਿਆਂ ਕਿਹਾ ਕਿ ਇਹਦੇ ਵਿਚ ਖੁਸ਼ੀ ਵਾਲੀ ਕਿਹੜੀ ਗੱਲ ਹੈ ਕਿਉਂ ਜੋ ਇਸ ਸੰਘਰਸ਼ ਵਿਚ ਪੰਜਾਬ ਆਪਣੇ 700 ਧੀਆਂ-ਪੁੱਤ ਗੁਆ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਫੈਸਲੇ ਦੇ ਹੱਕ ਵਿਚ ਸੋਹਲੇ ਗਾਉਣ ਦਾ ਸਿੱਧਾ ਜਿਹਾ ਮਤਲਬ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉਤੇ ਢਾਹੇ ਤਸ਼ੱਦਦ ਦਾ ਪੱਖਾ ਪੂਰਨਾ ਹੈ ਜੋ ਪੂਰੀ ਤਰ੍ਹਾਂ ਗੈਰ-ਵਾਜਿਬ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਵਾਰਥੀ ਮੁਫਾਦਾਂ ਦੀ ਖਾਤਰ ਕੁਝ ਸਿਆਸੀ ਨੇਤਾ ਸੂਬੇ ਦੇ ਹਿੱਤਾਂ ਖਾਸ ਕਰਕੇ ਕਿਸਾਨਾਂ ਦੇ ਹਿੱਤ ਕੁਰਬਾਨ ਕਰਨ ਲਈ ਪੱਬਾ ਭਾਰ ਹੋਏ ਫਿਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਫਸਲਾਂ ਉਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਮਿਲ ਜਾਂਦੀ, ਓਦੋਂ ਤੱਕ ਕਾਲੇ ਕਾਨੂੰਨ ਮਨਸੂਖ ਕਰ ਦੇਣ ਦਾ ਐਲਾਨ ਵੀ ਬੇਮਾਅਨਾ ਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਘੱਟੋ-ਘੱਟ ਸਮਰਥਨ ਭਾਅ ਉਤੇ ਚੁੱਕਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਨਿੱਜੀ ਖਰੀਦਦਾਰਾਂ ਹੱਥੋਂ ਲੁੱਟ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਲਈ ਇਹ ਕੁਝ ਦਿਨ ਬਹੁਤ ਅਹਿਮ ਹਨ ਅਤੇ ਸਾਡੇ ਸਾਰਿਆਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਇਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਮ ਉਤੇ ਯਾਦਗਾਰ ਬਣਾਏਗੀ ਤਾਂ ਕਿ ਸਾਡੀਆਂ ਨੌਜਵਾਨਾਂ ਪੀੜ੍ਹੀਆਂ ਉਨ੍ਹਾਂ ਦੇ ਮਿਸਾਲੀ ਸੰਘਰਸ਼ ਤੋਂ ਜਾਣੂੰ ਹੋ ਸਕਣ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦਰਪੇਸ਼ ਔਕੜਾਂ ਅਤੇ ਮੁਸੀਬਤਾਂ ਸਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਮਨ, ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ਼ ਇਕਜੁਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਯਾਦਗਾਰ ਸੂਬਾ ਸਰਕਾਰ ਵੱਲੋਂ ਮੁਲਕ ਦੇ ਅੰਨਦਾਤਿਆਂ ਨੂੰ ਨਿਮਾਣੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਨੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਅਗਲੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੀ ਸੌਂਪੇ ਜਿਨ੍ਹਾਂ ਵਿਚ ਬਲਜਿੰਦਰ ਸਿੰਘ ਪੁੱਤਰ ਸਵਰਗੀ ਜੰਗ ਸਿੰਘ, ਅਮਨਦੀਪ ਕੌਰ ਪਤਨੀ ਸਵਰਗੀ ਬਲਜਿੰਦਰ ਸਿੰਘ, ਪ੍ਰਭਜੋਤ ਕੌਰ ਪੁੱਤਰ ਸਵਰਗੀ ਮਨਮੋਹਨ ਸਿੰਘ, ਹਰਵਿੰਦਰ ਕੌਰ ਪਤਨੀ ਸਵਰਗੀ ਜਗਜੀਤ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸਵਰਗੀ ਹਾਕਮ ਸਿੰਘ ਸ਼ਾਮਲ ਸਨ। ਇਨ੍ਹਾਂ ਨੇ ਦੁੱਖ ਦੀ ਇਸ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
https://www.facebook.com/thekhabarsaar/